ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਦੇ ਨਜ਼ਦੀਕੀ ਅਤੇ ਨਿੱਜੀ ਪੀਏ ਰਿਸ਼ਮ ਗਰਗ ਨੂੰ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੋਂ ਅਦਾਲਤ ਨੇ ਉਸ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ’ਤੇ ਕੇਂਦਰੀ ਜੇਲ੍ਹ ਬਠਿੰਡਾ ਭੇਜ ਦਿੱਤਾ ਹੈ। ਹਾਲਾਂਕਿ ਵਿਜੀਲੈਂਸ ਟੀਮ ਨੇ ਰਿਸ਼ਮ ਗਰਗ ਤੋਂ ਪੁੱਛਗਿੱਛ ਕਰਨ ਲਈ ਪੁਲਿਸ ਰਿਮਾਂਡ ਦੀ ਮੰਗ ਕੀਤੀ ਸੀ, ਪਰ ਵਿਜੀਲੈਂਸ ਟੀਮ ਵੱਲੋਂ ਰਿਸ਼ਮ ਗਰਗ ਤੋਂ ਕੋਈ ਬਰਾਮਦਗੀ ਨਾ ਹੋਣ ਕਾਰਨ ਅਦਾਲਤ ਨੇ ਉਸਦਾ ਪੁਲਿਸ ਰਿਮਾਂਡ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਵਿਜੀਲੈਂਸ ਟੀਮ ਨੇ ਰਿਸ਼ਮ ਗਰਗ ਨੂੰ ਕੇਂਦਰੀ ਜੇਲ੍ਹ ਬਠਿੰਡਾ ਵਿਚ ਭੇਜ ਦਿੱਤਾ ਹੈ। ਦੱਸ ਦੇਈਏ ਕਿ ਵੀਰਵਾਰ ਤੜਕੇ ਰਾਜਪੁਰਾ ਦੇ ਵਿਧਾਇਕ ਅਮਿਤ ਰਤਨਾ ਕੋਟਫੱਤਾ ਦੀ ਗ੍ਰਿਫਤਾਰੀ ਤੋਂ ਬਾਅਦ ਵਿਜੀਲੈਂਸ ਟੀਮ ਨੇ ਵਿਧਾਇਕ ਕੋਟਫੱਤਾ ਅਤੇ ਉਸਦੇ ਕਰੀਬੀ ਰਿਸ਼ਮ ਗਰਗ ਨੂੰ ਅਦਾਲਤ ਵਿਚ ਪੇਸ਼ ਕੀਤਾ ਸੀ। ਇਸ ਤੋਂ ਬਾਅਦ ਵਿਜੀਲੈਂਸ ਨੇ ਦੋਵਾਂ ਨੂੰ ਆਹਮੋ-ਸਾਹਮਣੇ ਪੇਸ਼ ਕਰਨ ਦੀ ਮੰਗ ਕਰਦੇ ਹੋਏ ਅਦਾਲਤ ਤੋਂ ਉਨ੍ਹਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਸੀ।
ਵਿਧਾਇਕ 27 ਫ਼ਰਵਰੀ ਤਕ ਪੁਲਿਸ ਰਿਮਾਂਡ ’ਤੇ
ਅਦਾਲਤ ਨੇ ਵਿਧਾਇਕ ਦਾ ਚਾਰ ਦਿਨ ਯਾਨੀ 27 ਫਰਵਰੀ ਅਤੇ ਉਸ ਦੇ ਪੀਏ ਰਿਸ਼ਮ ਗਰਗ ਦਾ ਇਕ ਦਿਨ ਯਾਨੀ 24 ਫਰਵਰੀ ਤਕ ਪੁਲਿਸ ਰਿਮਾਂਡ ਦਿੱਤਾ ਸੀ। ਰਿਸ਼ਮ ਗਰਗ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਉਸ ਨੂੰ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ ਗਿਆ। ਇੱਥੇ ਵਿਜੀਲੈਂਸ ਨੇ ਮੁਲਜ਼ਮ ਤੋਂ ਪੁੱਛਗਿੱਛ ਕਰਨ ਅਤੇ ਮੁਲਜ਼ਮ ਕੋਲੋਂ ਲਏ ਪੈਸੇ ਬਰਾਮਦ ਕਰਨ ਲਈ ਅਦਾਲਤ ਵਿਚ ਪੇਸ਼ ਕਰ ਕੇ ਸੱਤ ਦਿਨਾਂ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਇਨਕਾਰ ਕਰਦਿਆਂ ਉਸ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਭੇਜਣ ਦੇ ਹੁਕਮ ਦਿੱਤੇ ਹਨ।
5 ਲੱਖ 31 ਹਜ਼ਾਰ ਹੋਏ ਬਰਾਮਦ
ਵਰਨਣਯੋਗ ਹੈ ਕਿ ਇਸ ਮਾਮਲੇ ਵਿਚ ਵਿਜੀਲੈਂਸ ਨੇ ਹੁਣ ਤਕ ਮੁਲਜ਼ਮਾਂ ਦੇ ਘਰ ਅਤੇ ਹੋਰ ਕਈ ਥਾਵਾਂ ’ਤੇ ਛਾਪੇਮਾਰੀ ਕਰ ਕੇ ਰਿਸ਼ਵਤ ਵਜੋਂ ਲਏ ਕਰੀਬ 1 ਲੱਖ 31 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਰਿਸ਼ਮ ਗਰਗ ਨੇ ਨੰਬਰਦਾਰ ਤੋਂ 2.50 ਲੱਖ ਰੁਪਏ ਐਡਵਾਂਸ ਅਤੇ ਸਰਪੰਚ ਦੇ ਪਤੀ ਤੋਂ 50 ਹਜ਼ਾਰ ਰੁਪਏ ਲਏ ਸਨ, ਜਿਸ ’ਚ ਵਿਜੀਲੈਂਸ ਟੀਮ ਨੇ ਤਲਾਸ਼ੀ ਮੁਹਿੰਮ ਦੌਰਾਨ ਉਸ ਦੇ ਘਰੋਂ 1 ਲੱਖ 31 ਹਜ਼ਾਰ ਰੁਪਏ ਬਰਾਮਦ ਕੀਤੇ ਹਨ, ਜਦਕਿ ਰਿਸ਼ਮ ਗਰਗ ਨੇ ਆਪਣੇ ਬਿਆਨਾਂ ’ਚ 1 ਲੱਖ 69 ਹਜ਼ਾਰ ਰੁਪਏ ਵੱਖ-ਵੱਖ ਥਾਵਾਂ ’ਤੇ ਰੱਖਣ ਦੀ ਗੱਲ ਕਬੂਲੀ ਹੈ। ਹੁਣ ਤਕ ਵਿਜੀਲੈਂਸ ਵਿਭਾਗ ਰਿਸ਼ਮ ਗਰਗ ਕੋਲੋਂ 5 ਲੱਖ 31 ਹਜ਼ਾਰ ਰੁਪਏ ਬਰਾਮਦ ਕਰ ਚੁੱਕਾ ਹੈ। ਜ਼ਕਿਰਯੋਗ ਹੈ ਕਿ ਵਿਜੀਲੈਂਸ ਨੇ ਰਿਸ਼ਮ ਗਰਗ ਨੂੰ ਜ਼ਿਲੇ ਦੇ ਪਿੰਡ ਘੁੱਦਾ ਦੀ ਮਹਿਲਾ ਸਰਪੰਚ ਸੀਮਾ ਰਾਣੀ ਦੇ ਪ੍ਰਤੀ ਤੋਂ ਚਾਰ ਲੱਖ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਸੀ। ਪੀਏ ਦੇ ਜੇਲ੍ਹ ਚਲੇ ਜਾਣ ਤੋਂ ਬਾਅਦ ਹੁਣ ਵਿਜੀਲੈਂਸ ਦਾ ਸਾਰਾ ਫੋਕਸ ਵਿਧਾਇਕ ਅਮਿਤ ਰਤਨ ਕੋਟਫੱਤਾ ’ਤੇ ਹੀ ਰਹੇਗਾ।






