ਬੀਤੇ ਸਾਲ ਚੰਡੀਗੜ੍ਹ ਦੇ ਸੈਕਟਰ-2 ਸਥਿਤ ਪੰਜਾਬ ਮੁੱਖ ਮੰਤਰੀ ਰਿਹਾਇਸ਼ ਵਿਚ 40 ਤੋਂ 50 ਕਾਂਗਰਸ ਆਗੂ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਿਚ ਦਾਖ਼ਲ ਹੋਏ ਸਨ। ਕਾਂਗਰਸੀ ਆਗੂਆਂ ਨੇ ਮੁੱਖ ਮੰਤਰੀ ਰਿਹਾਇਸ਼ ਵਿਚ ਧਰਨਾ ਦਿੱਤਾ ਸੀ।
ਇਸ ਮਾਮਲੇ ਵਿਚ ਸੈਕਟਰ-3 ਥਾਣੇ ਦੀ ਪੁਲਿਸ ਨੇ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਵਿਰੁੱਧ ਕੇਸ ਦਰਜ ਕੀਤਾ ਸੀ। ਇਸ ਮਾਮਲੇ ਵਿਚ ਪੁਲਿਸ ਨੇ ਜ਼ਿਲ੍ਹਾ ਅਦਾਲਤ ਵਿਚ ਦੋਵਾਂ ਆਗੂਆਂ ਵਿਰੁੱਧ ਅਨਟ੍ਰੇਸ ਰਿਪੋਰਟ ਪੇਸ਼ ਕੀਤੀ ਹੈ। ਅਦਾਲਤ ਨੇ ਰਿਪੋਰਟ ’ਤੇ ਸੁਣਵਾਈ ਕਰਨ ਦੇ ਮਾਮਲੇ ਵਿਚ ਸ਼ਿਕਾਇਤ ਕਰਤਾ ਨੂੰ ਪਹਿਲੀ ਮਾਰਚ ਲਈ ਨੋਟਿਸ ਜਾਰੀ ਕਰ ਕੇ ਪੇਸ਼ ਹੋਣ ਲਈ ਕਿਹਾ ਹੈ। ਮਾਮਲੇ ਵਿਚ ਸ਼ਿਕਾਇਤ ਕਰਤਾ ਡੀਐੱਸਪੀ ਸਵਰਨਜੀਤ ਸਿੰਘ ਹਨ। ਉਨ੍ਹਾਂ ਦੱਸਿਆ ਸੀ ਕਿ 9 ਜੂਨ 2022 ਨੂੰ ਰਾਜਾ ਵੜਿੰਗ ਤੇ ਬਾਜਵਾ ਦੇ ਨਾਲ ਕਈ ਕਾਂਗਰਸੀ, ਮੁੱਖ ਮੰਤਰੀ ਰਿਹਾਇਸ਼ ’ਤੇ ਪੁੱਜੇ ਸਨ। ਉਨ੍ਹਾਂ ਨੇ ਗੇਟ ’ਤੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਦੀ ਗੱਲ ਆਖੀ ਸੀ। ਗੇਟ ’ਤੇ ਡਿਊਟੀ ਦੇ ਰਹੇ ਸੁਰੱਖਿਆ ਮੁਲਾਜਮਾਂ ਨੇ ਸੀਐੱਮਓ ਨਾਲ ਸੰਪਰਕ ਕੀਤਾ, ਇਸ ਮਗਰੋਂ ਕਾਂਗਰਸੀ ਆਗੂਆਂ ਨੂੰ ਕਾਨਫਰੰਸ ਰੂਮ ਵਿਚ ਬੈਠਣ ਨੂੰ ਕਿਹਾ ਸੀ। ਅਧਿਕਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਅਗਲੇ ਦਿਨ ਹੈ ਪਰ ਉਹ ਮੁਲਾਕਾਤ ਦੀ ਜ਼ਿੱਦ ’ਤੇ ਅੜੇ ਰਹੇ ਤੇ ਨਾਅਰੇ ਲਾਉਣ ਲੱਗ ਪਏ। ਇਸ ਦੌਰਾਨ ਆਗੂਆਂ ਨੇ ਪੁਲਿਸ ਨਾਲ ਹੱਥੋਪਾਈ ਕੀਤੀ ਸੀ।






