ਸ੍ਰੀ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿਚ ਗੈਂਗਸਟਰਾਂ ਵਿਚਾਲੇ ਹੋਈ ਕਾਤਲਾਨਾ ਝੜਪ ਦੀਆਂ ਖ਼ਬਰਾਂ ਦੀ ਅਜੇ ਸਿਆਹੀ ਵੀ ਨਹੀਂਂ ਸੁੱਕੀ ਕਿ ਹੁਣ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚ ਮਹਿਲਾ ਕੈਦੀ ਅਤੇ ਮਹਿਲਾ ਹਵਾਲਾਤੀਆਂ ਵਿਚਾਲੇ ਖੂਨੀ ਝੜਪ ਦੀ ਖ਼ਬਰ ਸਾਹਮਣੇ ਆਈ ਹੈ। ਬੁੱਧਵਾਰ ਨੂੰ ਜੇਲ੍ਹ ਵਿਚ ਇਕ ਮਹਿਲਾ ਕੈਦੀ ਅਤੇ ਹਵਾਲਾਤੀ ਵਿਚਾਲੇ ਖੂਨੀ ਝਗੜੇ ਦੌਰਾਨ ਦੋਵੇਂ ਧਿਰਾਂ ਦੀਆਂ ਦੋ ਔਰਤਾਂ ਦੇ ਜ਼ਖ਼ਮੀ ਹੋਣ ਮਗਰੋਂ ਦੋਵਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜ਼ਿਕਰਯੋਗ ਹੈੇ ਕਿ ਨਸ਼ੇ ਅਤੇ ਮੋਬਾਈਲ ਬਰਾਮਦਗੀ ਦੇ ਮਾਮਲੇ ਵਿਚ ਲਗਾਤਾਰ ਸਵਾਲਾਂ ਦੇ ਘੇਰੇ ਵਿੱਚ ਚੱਲੀ ਆ ਰਹੀ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ’ਤੇ ਕਈ ਤਰ੍ਹਾਂ ਦੇ ਦੋਸ਼ ਲੱਗ ਰਹੇ ਹਨ। ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ਼ ਹਵਾਲਾਤੀ ਮਹਿਲਾ ਕੈਦੀ ਪਾਲੋ ਨੇ ਦੱਸਿਆ ਕਿ ਉਹ ਚੋਰੀ ਦੇ ਮਾਮਲਿਆਂ ‘ਚ ਜੇਲ੍ਹ ‘ਚ ਬੰਦ ਹੈ । ਪਾਲੋ ਨੇ ਦੋਸ਼ ਲਾਇਆ ਕਿ ਜੇਲ੍ਹ ਦੀਆਂ ਮਹਿਲਾ ਅਧਿਕਾਰੀ ਕਤਲ ਦੇ ਮਾਮਲੇ ਵਿਚ ਸਜ਼ਾ ਕੱਟ ਰਹੀਆਂ ਕੈਦੀਆਂ ਦੇ ਜ਼ਰੀਏ ਜੇਲ੍ਹ ਅੰਦਰ ਨਸ਼ਾ ਵਿਕਾਉਂਦੀਆਂ ਹਨ। ਜਦੋਂ ਉਸ ਨੇ ਜੇਲ੍ਹ ਅੰਦਰ ਚੱਲ ਰਹੇ ਨਸ਼ੇ ਦੇ ਕਾਰੋਬਾਰ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਤਾਂ ਜੇਲ੍ਹ ਦੀ ਮਹਿਲਾ ਸਹਾਇਕ ਸੁਪਰਡੈਂਟ ਦੇ ਨਿਰਦੇਸ਼ਾਂ ‘ਤੇ 10,12 ਮਹਿਲਾ ਕੈਦੀਆਂ ਵੱਲੋਂ ਉਸ ‘ਤੇ ਹਮਲਾ ਕੀਤਾ ਗਿਆ। ਇਸ ਹਮਲੇ ‘ਚ ਉਸ ਦੇ ਚਿਹਰੇ ਅਤੇ ਸਰੀਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਮਹਿਲਾ ਕੈਦੀਆਂ ਵੱਲੋਂ ਉਸ ਨੂੰ ਕੁੱਟੇ ਜਾਣ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਇਸ ਦੇ ਨਾਲ ਹੀ ਪਾਲੋ ਨੇ ਇਹ ਵੀ ਦੋਸ਼ ਲਾਇਆ ਕਿ ਮਹਿਲਾ ਸਹਾਇਕ ਸੁਪਰਡੈਂਟ ਦੇ ਇਸ਼ਾਰੇ ‘ਤੇ ਜੇਲ੍ਹ ਅੰਦਰ ਔਰਤਾਂ ਨੂੰ ਨਸ਼ੇ ਤੇ ਹੋਰ ਨਸ਼ੀਲੇ ਪਦਾਰਥ ਵੇਚੇ ਜਾ ਰਹੇ ਹਨ।
ਉਧਰ, ਇਸ ਸਬੰਧੀ ਦੂਜੀ ਧਿਰ ਦੀ ਕੈਦੀ ਸੁਮਿੱਤਰਾ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਪਾਲੋ ਉਸ ਦੀ ਸੋਨੇ ਦੀ ਵਾਲ਼ੀ ਲਾਹੁਣ ਦੀ ਕੋਸ਼ਿਸ਼ ਕਰ ਰਹੀ ਸੀ, ਜਿਸ ਕਾਰਨ ਉਸ ਦਾ ਕੰਨ ਫੱਟ ਗਿਆ ਅਤੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਜਦੋਂ ਜੇਲ੍ਹ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿਸੇ ਵੀ ਅਧਿਕਾਰੀ ਨੇ ਮੀਡੀਆ ਸਾਹਮਣੇ ਆਉਣ ਤੋਂ ਟਾਲਾ ਵੱਟੀ ਰੱਖਿਆ ।






