ਥਾਣਾ ਮਾਹਿਲਪੁਰ ਦੀ ਪੁਲਿਸ ਨੇ ਹੈਰੋਇਨ ਤੇ ਪਾਬੰਦੀਸ਼ੁਦਾ ਨਸ਼ੀਲੀਆਂ ਗੋਲ਼ੀਆਂ ਸਮੇਤ ਦੋ ਵਿਅਕਤੀਆਂ ਵਿੱਚੋਂ ਇੱਕ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਜਸਵੰਤ ਸਿੰਘ ਨੇ ਦੱਸਿਆ ਕਿ ਚੌਂਕੀ ਕੋਟਫਤੂਹੀ ਦੇ ਇੰਚਾਰਜ ਬਲਜਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਗਸ਼ਤ ਦੌਰਾਨ ਨਗਦੀਪੁਰ ਤੋਂ ਲਕਸੀਹਾਂ ਇੱਟਾਂ ਵਾਲੀ ਸੜਕ ਤੋਂ ਮੋਟਰਸਾਇਕਲ ਮੁਸੱਮੀ ਸੇਵਾ ਸਿੰਘ ਉਰਫ਼ ਰਾਣਾ ਵਾਸੀ ਲਕਸੀਹਾਂ ਦੇ ਕਬਜ਼ੇ ਵਿੱਚੋਂ 540 ਪਾਬੰਦੀਸ਼ੁਦਾ ਨਸ਼ੀਲੀਆਂ ਗੋਲ਼ੀਆਂ ਬਰਾਮਦ ਕੀਤੀਆਂ। ਮੁਸੱਮੀ ਸੇਵਾ ਸਿੰਘ ਉਰਫ ਰਾਣਾ ਉਕਤ ਦਾ ਲੜਕਾ ਪ੍ਰਦੀਪ ਸਿੰਘ ਮੌਕਾ ਤੋਂ ਫਰਾਰ ਹੋ ਗਿਆ ਅਤੇ ਫ਼ਰਾਰ ਹੋਣ ਸਮੇਂ ਉਸਨੇ ਸੜਕ ਦੇ ਕਿਨਾਰੇ ਖੇਤਾਂ ਲਾਗੇ ਇੱਕ ਲਿਫਾਫਾ ਸੁੱਟ ਦਿੱਤਾ ਜਿਸ ਵਿੱਚ ਹੈਰੋਇਨਨੁਮਾ 94 ਗ੍ਰਾਮ ਪਦਾਰਥ ਬਰਾਮਦ ਹੋਇਆ। ਮੁਸੱਮੀ ਸੇਵਾ ਸਿੰਘ ਉਰਫ ਰਾਣਾ ਉਕਤ ਨੂੰ ਗ੍ਰਿਫਤਾਰ ਕਰਕੇ ਅਤੇ ਫ਼ਰਾਰ ਉਸਦੇ ਲੜਕੇ ਪ੍ਰਦੀਪ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਇਹਨਾਂ ਦੋਵਾਂ ਪਿਉ-ਪੁੱਤਰ ਦੇ ਖ਼ਿਲਾਫ਼ ਪਹਿਲਾਂ ਵੀ ਥਾਣਾ ਮਾਹਿਲਪੁਰ ਵਿਖੇ ਚੋਰੀ ਦਾ ਮੁਕੱਦਮਾ ਦਰਜ ਹੈ ਅਤੇ ਫ਼ਰਾਰ ਨੌਜਵਾਨ ਦੀ ਜਲਦ ਤੋਂ ਜਲਦ ਗ੍ਰਿਫਤਾਰੀ ਕੀਤੀ ਜਾਵੇਗੀ।






