ਰਾਜਸਥਾਨ ਦੇ ਜੈਪੁਰ ਤੋਂ ਫ਼ਰਜ਼ੀ ਬਿੱਲ ਬਣਾ ਕੇ ਗ਼ੈਰਕਾਨੂੰਨੀ ਢੰਗ ਨਾਲ ਸੋਨੇ ਦੇ ਗਹਿਣੇ ਲਿਆ ਕੇ ਜ਼ਿਲ੍ਹਾ ਮੁਕਤਸਰ ’ਚ ਡਿਲੀਵਰ ਕਰਨ ਆਏ ਇਕ ਵਿਅਕਤੀ ਨੂੰ ਥਾਣਾ ਲੰਬੀ ਪੁਲਿਸ ਵੱਲੋਂ ਪਿੰਡ ਵੜਿੰਗ ਖੇੜਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਫੜ੍ਹੇ ਗਏ ਵਿਅਕਤੀ ਪਾਸੋਂ 5 ਕਿਲੋਗ੍ਰਾਮ ਸੋਨੇ ਦੇ ਗਹਿਣੇ ਬਰਾਮਦ ਹੋਏ ਹਨ।
ਸੂਤਰਾਂ ਅਨੁਸਾਰ, ਉਕਤ ਵਿਅਕਤੀ ਪਿਛਲੇ ਲੰਮੇ ਸਮੇਂ ਤੋਂ ਮੁਕਤਸਰ ਅਤੇ ਹੋਰ ਨੇੜਲੇ ਜ਼ਿਲ੍ਹਿਆਂ ’ਚ ਸੋਨੇ ਦੇ ਗਹਿਣੇ ਵੇਚਣ ਲਈ ਆ ਰਿਹਾ ਹੈ। ਫਿਲਹਾਲ ਮੁਕਤਸਰ ਜ਼ਿਲ੍ਹੇ ਦੀ ਪੁਲਿਸ ਦੇ ਹੱਥ ਇਹ ਪਹਿਲੀ ਖੇਪ ਲੱਗੀ ਹੈ। ਥਾਣਾ ਇੰਚਾਰਜ ਮਨਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾ ਰਿਹਾ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਬੁੱਧਵਾਰ ਨੂੰ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਾਜਸਥਾਨ ਤੋਂ ਇਕ ਵਿਅਕਤੀ ਪੰਜਾਬ ’ਚ ਸੋਨੇ ਦੇ ਗਹਿਣੇ ਵੇਚਣ ਲਈ ਆਇਆ ਹੈ ਅਤੇ ਇਸ ਸਮੇਂ ਉਹ ਗਹਿਣੇ ਲੈ ਕੇ ਪਿੰਡ ਵੜਿੰਗ ਖੇੜਾ ‘ਚ ਖੜ੍ਹਾ ਹੈ। ਜਦੋਂ ਉਸਨੇ ਪੁਲਿਸ ਟੀਮ ਨਾਲ ਪਿੰਡ ਵਿੱਚ ਛਾਪੇਮਾਰੀ ਕੀਤੀ ਤਾਂ ਪੁਲਿਸ ਪਾਰਟੀ ਨੇ ਪਿੰਡ ਵਿੱਚ ਇੱਕ ਵਿਅਕਤੀ ਡੱਬਾ ਲੈ ਕੇ ਘੁੰਮਦਾ ਦੇਖਿਆ। ਜੋ ਪੁਲਿਸ ਟੀਮ ਨੂੰ ਦੇਖ ਕੇ ਘਬਰਾ ਗਿਆ। ਪੁਲਿਸ ਟੀਮ ਨੇ ਜਦੋਂ ਉਸ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਡੱਬੇ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਸੋਨੇ ਦੇ ਗਹਿਣੇ ਬਰਾਮਦ ਹੋਏ। ਜਦੋਂ ਉਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣੀ ਪਛਾਣ ਮਹਿੰਦਰ ਕੁਮਾਰ ਪੁੱਤਰ ਰਾਮ ਨਿਵਾਸ ਵਾਸੀ ਬ੍ਰਾਹਣ ਬਸਤੀ ਕੜਵਾਸਰ ਜ਼ਿਲ੍ਹਾ ਚੁਰੂ (ਰਾਜਸਥਾਨ) ਮੰਡਲ ਜਵੈਲਰਜ਼ ਰਾਜਸਥਾਨ ਵਜੋਂ ਦੱਸੀ। ਜਦੋਂ ਗਹਿਣਿਆਂ ਦਾ ਬਿੱਲ ਪੁੱਛਿਆ ਗਿਆ ਤਾਂ ਉਹ ਪਹਿਲਾਂ ਨਹੀਂ ਦਿਖਾ ਰਿਹਾ ਸੀ।
ਜਦੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਵੱਲੋਂ ਜੋ ਬਿੱਲ ਦਿਖਾਏ ਗਏ ਉਹ ਜਾਂਚ ਤੋਂ ਬਾਅਦ ਜਾਅਲੀ ਪਾਏ ਗਏ। ਜਦਕਿ ਸਹੀ ਪਾਏ ਗਏ ਬਿੱਲਾਂ ਅਨੁਸਾਰ ਸੋਨੇ ਦੇ ਗਹਿਣੇ ਇੱਕ ਕਿੱਲੋ 980 ਗ੍ਰਾਮ ਹੀ ਬਣਦੇ ਹਨ। ਜਦ ਮੁਲਜ਼ਮ ਨੂੰ ਥਾਣੇ ਲਿਆ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਇਹ ਗਹਿਣੇ ਮੁਕਤਸਰ ਅਤੇ ਹੋਰ ਜ਼ਿਲ੍ਹਿਆਂ ਵਿੱਚ ਵੇਚਣ ਲਈ ਆਉਂਦਾ ਹੈ ਅਤੇ ਇਹ ਗਹਿਣੇ ਜੈਪੁਰ ਤੋਂ ਖਰੀਦ ਕੇ ਲਿਆਇਆ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾ ਰਿਹਾ ਹੈ। ਬਾਕੀ ਪੁੱਛਗਿੱਛ ਤੋਂ ਪਤਾ ਲੱਗੇਗਾ ਕਿ ਮੁਲਜ਼ਮ ਸੋਨਾ ਕਿੱਥੇ ਪਹੁੰਚਾਉਣ ਜਾ ਰਿਹਾ ਸੀ।
ਮੁਕਤਸਰ ਤੇ ਆਸ-ਪਾਸ ਦੇ ਜ਼ਿਲ੍ਹਿਆਂ ਦੇ ਜੌਹਰੀ ਰਾਡਾਰ ‘ਤੇ
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੋਨੇ ਦੇ ਗਹਿਣਿਆਂ ਸਮੇਤ ਫੜਿਆ ਗਿਆ ਮੁਲਜ਼ਮ ਇਹ ਗਹਿਣੇ ਮੁਕਤਸਰ ਜ਼ਿਲ੍ਹੇ ਦੇ ਨਾਲ-ਨਾਲ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਵੀ ਜਵੈਲਰਜ਼ ਵਾਲਿਆਂ ਨੂੰ ਵੇਚਣ ਲਈ ਆਉਂਦਾ ਰਿਹਾ ਹੈ। ਜੀਐੱਸਟੀ ਬਚਾਉਣ ਦੇ ਚੱਕਰ ’ਚ ਬਹੁਤ ਸਾਰੇ ਜਿਊਲਰਜ਼ ਇਹ ਸੋਨਾ ਖਰੀਦ ਰਹੇ ਹਨ, ਕਿਉਂਕਿ ਮੁਲਜ਼ਮ ਇਹ ਸੋਨਾ ਜੈਪੁਰ ਤੋਂ ਕਥਿਤ ਜਾਅਲੀ ਬਿੱਲਾਂ ‘ਤੇ ਹੀ ਲਿਆ ਰਹੇ ਹਨ। ਇਸ ਲਈ ਜਿਊਲਰਾਂ ਨੂੰ ਬਿੱਲ ਦੇਣ ਦੀ ਕੋਈ ਸੰਭਾਵਨਾ ਹੀ ਨਹੀਂ ਬਣਦੀ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਮੁਕਤਸਰ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਨਾਲ ਸਬੰਧਤ ਜੌਹਰੀ ਵੀ ਰਾਡਾਰ ’ਤੇ ਆ ਗਏ ਹਨ। ਪੁਲਿਸ ਮੁਤਾਬਕ ਇਨਕਮ ਟੈਕਸ ਵਿਭਾਗ ਅਤੇ ਜੀਐੱਸਟੀ ਵਿਭਾਗ ਵੀ ਇਸ ਮਾਮਲੇ ਦੀ ਜਾਂਚ ਕਰਨਗੇ।






