ਨਸ਼ੇ ਲਈ ਨਸ਼ੇੜੀ ਕਿਸ ਹੱਦ ਤਕ ਜਾ ਸਕਦਾ ਹੈ, ਇਸ ਦੀ ਉਦਾਹਰਣ ਨੂਰਵਾਲਾ ਰੋਡ ’ਤੇ ਦੇਖਣ ਨੂੰ ਮਿਲੀ। ਸ਼ਰਾਬ ਦੀ ਤੋੜ ਲੱਗਣ ’ਤੇ ਇਕ ਨੌਜਵਾਨ ਨੇ ਆਪਣੀ ਦਾਦੀ ’ਤੇ ਹਮਲਾ ਕਰ ਦਿੱਤਾ ਤੇ ਉਸ ਕੋਲੋਂ ਪੈਸੇ ਮੰਗਣ ਲੱਗ ਪਿਆ। ਜਦ ਉਸ ਦਾ ਵੱਡਾ ਭਰਾ ਦਾਦੀ ਨੂੰ ਛੁਡਾਉਣ ਲਈ ਅੱਗੇ ਗਿਆ ਤਾਂ ਮੁਲਜ਼ਮ ਵੱਲੋਂ ਉਸ ਦੀਆਂ ਬਾਹਾਂ ’ਤੇ ਵੀ ਬਲੇਡ ਮਾਰੇ ਗਏ। ਭਰਾ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਨੂਰਵਾਲਾ ਰੋਡ ਨੇੜੇ ਸਤਿਸੰਗ ਘਰ ਕੋਲ ਰਹਿਣ ਵਾਲੇ ਰਾਹੁਲ ਸਹੋਤਾ (19) ਨੇ ਦੱਸਿਆ ਕਿ ਵੀਰਵਾਰ ਸਵੇਰੇ 11 ਵਜੇ ਦੇ ਕਰੀਬ ਉਸ ਦੇ ਛੋਟੇ ਭਰਾ ਨੇ ਬਲੇਡ ਨਾਲ ਉਸ ਦੀਆਂ ਬਾਹਾਂ ’ਤੇ ਵਾਰ ਕੀਤੇ। ਉਸ ਨੇ ਦੱਸਿਆ ਕਿ 16 ਸਾਲ ਪਹਿਲਾਂ ਉਸ ਦੇ ਮਾਤਾ-ਪਿਤਾ ਦੀ ਹਾਦਸੇ ’ਚ ਮੌਤ ਹੋ ਗਈ ਸੀ। ਉਹ ਤੇ ਉਸ ਦਾ ਛੋਟਾ ਭਰਾ ਦਾਦੀ ਕੋਲ ਰਹਿੰਦੇ ਹਨ। ਉਹ ਈ-ਰਿਕਸ਼ਾ ਚਲਾ ਕੇ ਘਰ ਦਾ ਖ਼ਰਚ ਚਲਾਉਂਦਾ ਹੈ। ਉਸ ਦਾ ਛੋਟਾ ਭਰਾ ਕੋਈ ਕੰਮ ਨਹੀਂ ਕਰਦਾ ਤੇ ਰੋਜ਼ਾਨਾ ਸ਼ਰਾਬ ਪੀ ਕੇ ਲੋਕਾਂ ਨਾਲ ਲੜਾਈ-ਝਗੜਾ ਕਰਦਾ ਹੈ। ਉਹ ਦਾਦੀ ਕੋਲੋਂ ਸ਼ਰਾਬ ਪੀਣ ਲਈ ਪੈਸੇ ਮੰਗ ਰਿਹਾ ਸੀ। ਜਦ ਪੈਸੇ ਨਾ ਮਿਲੇ ਤਾਂ ਉਸ ਨੇ ਦਾਦੀ ਨਾਲ ਕੁੱਟਮਾਰ ਕੀਤੀ ਤੇ ਘਰ ਦਾ ਸਾਮਾਨ ਤੋੜਨ ਲੱਗ ਪਿਆ। ਉਸ ਨੇ ਜਦ ਦਾਦੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਬਲੇਡ ਨਾਲ ਉਸ ’ਤੇ ਹਮਲਾ ਕਰ ਦਿੱਤਾ। ਬਸਤੀ ਜੋਧੇਵਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।






