ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ 2015 ਤੋਂ ਮਰਨ ਵਰਤ ਰੱਖਣ ਵਾਲੇ 89 ਸਾਲਾ ਬਾਪੂ ਸੂਰਤ ਸਿੰਘ ਖ਼ਾਲਸਾ ਨੂੰ ਆਖਿਰਕਾਰ ਸ਼ਨਿਚਰਵਾਰ ਨੂੰ ਡੀਐੱਮਸੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਪਿਛਲੇ ਅੱਠ ਸਾਲਾਂ ਤੋਂ ਹਸਪਤਾਲ ਵਿਚ ਇਲਾਜ ਅਧੀਨ ਸੂਰਤ ਸਿੰਘ ਖਾਲਸਾ ਨੂੰ ਪੁਲਿਸ ਵਾਹਨਾਂ ਦੇ ਕਾਫਲੇ ਦੇ ਨਾਲ ਐਂਬੂਲੈਂਸ ਵਿਚ ਉਨ੍ਹਾਂ ਦੇ ਜੱਦੀ ਨਿਵਾਸ ਹਸਨਪੁਰ ਸਥਿਤ ਉਨ੍ਹਾਂ ਦੇ ਘਰ ਲਿਜਾਇਆ ਗਿਆ। ਇਸ ਦੌਰਾਨ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਜੱਥੇਦਾਰ ਗੁਰਦੀਪ ਸਿੰਘ ਬਠਿੰਡਾ, ਤਰੁਣ ਬਾਵਾ ਜੈਨ, ਬਲਵਿੰਦਰ ਸਿੰਘ, ਜੱਥੇਦਾਰ ਜਸਵਿੰਦਰ ਸਿੰਘ ਤੇ ਨਿਹੰਗਾਂ ਦਾ ਇਕ ਜੱਥਾ ਵੀ ਕਾਫਲੇ ਦੇ ਨਾਲ ਸੀ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਬਾਪੂ ਸੂਰਤ ਸਿੰਘ ਨੂੰ ਕਦੀ ਵੀ ਗਿ੍ਰਫਤਾਰ ਜਾਂ ਹਿਰਾਸਤ ਵਿਚ ਨਹੀਂ ਲਿਆ ਗਿਆ ਸੀ। ਉਨ੍ਹਾਂ ਇਲਾਜ ਦੇ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਜਾਂਚ ਤੇ ਇਲਾਜ ਦੇ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਉਹ ਸਥਿਰ ਹੈ ਪਰ ਉਨ੍ਹਾਂ ਦੀ ਸਿਹਤ ਲਈ ਬਹੁਤ ਸਾਰੀਆਂ ਸਾਵਧਾਨੀਆਂ ਜ਼ਰੂਰੀ ਹਨ। ਉਧਰ ਦੱਸਿਆ ਜਾਂਦਾ ਹੈ ਕਿ ਡਾਕਟਰਾਂ ਦਾ ਪੈਨਲ ਅਜੇ ਉਨ੍ਹਾਂ ਦੀ ਛੁੱਟੀ ਲਈ ਸਹਿਮਤ ਨਹੀਂ ਸੀ। ਸੂਰਤ ਸਿੰਘ ਖਾਲਸਾ ਦੀ ਛੁੱਟੀ ਦੇ ਮੌਕੇ ’ਤੇ ਡੀਐੱਮਸੀਐੱਚ ਕੰਪਲੈਕਸ ਦੇ ਅੰਦਰ ਕਿਸੇ ਵੀ ਮੀਡੀਆਕਰਮੀ ਨੂੰ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸੂਰਤ ਸਿੰਘ ਨੇ ਮਰਨ ਵਰਤ ਸ਼ੁਰੂ ਕੀਤਾ ਸੀ ਤੇ ਉਨ੍ਹਾਂ ਦੀ ਤਬੀਅਤ ਖਰਾਬ ਹੋਣ ’ਤੇ ਉਨ੍ਹਾਂ ਨੂੰ 15 ਜਨਵਰੀ 2015 ਨੂੰ ਪ੍ਰਸ਼ਾਸਨ ਨੇ ਡੀਐੱਮਸੀ ਹਸਪਤਾਲ ਵਿਚ ਭਰਤੀ ਕਰਵਾਇਆ ਸੀ। ਉਦੋਂ ਤੋਂ ਹੀ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਹ ਲੰਬੇ ਸਮੇਂ ਤੋਂ ਭੁੱਖ ਹੜਤਾਲ ’ਤੇ ਸੀ। ਉਨ੍ਹਾਂ ਨੇ ਕੁਝ ਵੀ ਖਾਣ-ਪੀਣ ਤੋਂ ਇਨਕਾਰ ਕਰ ਦਿੱਤਾ ਸੀ। ਜੱਥੇਦਾਰ ਜਗਤਾਰ ਸਿੰਘ ਹਵਾਰਾ ਦੀ ਸਲਾਹ ’ਤੇ ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਵਰਤ ਖਤਮ ਕੀਤਾ ਸੀ।






