ਭਾਜਪਾ ਹਲਕਾ ਰਾਜਪੁਰਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਦੀ ਅਗਵਾਈ ਵਿੱਚ ਰੱਖੇ ਪਾਰਟੀ ਪ੍ਰੋਗਰਾਮ ਦੌਰਾਨ ਪਹੁੰਚੇ ਕੇਂਦਰੀ ਸਿਹਤ ਮੰਤਰੀ ਮਨਸੁੱਖ ਐਲ ਮਾਂਡਵੀਆ ਨੇ ਕਿਹਾ ਕਿ ਅੱਜ ਦਾ ਭਰਵਾਂ ਇਕੱਠ ਦੱਸਦਾ ਹੈ ਕਿ ਤੁਹਾਡਾ ਵਿਸ਼ਵਾਸ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਅਤੇ ਹਲਕਾ ਇੰਚਾਰਜ਼ ਜਗਦੀਸ਼ ਜੱਗਾ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਦੇ ਹਿੱਤ ਵਿੱਚ ਜੋ ਕੁੱਝ ਕਰ ਸਕਦੀ ਹੈ ਉਹ ਹੀ ਕਹਿੰਦੀ ਹੈ ਪਰ ਹੁਣ ਪੰਜਾਬ ਸੂਬੇ ਅੰਦਰ ਰਿਉੜੀਆਂ ਵੰਡਣ ਵਾਲੀ ਆਪ ਸਰਕਾਰ ਨੇ ਝੂਠ ਦਾ ਸਹਾਰਾ ਲੈ ਕੇ ਵੱਧ ਸੀਟਾਂ ਜਿੱਤ ਕੇ ਸੱਤਾ ਤਾਂ ਸੰਭਾਲ ਲਈ ਹੈ ਪਰ ਸੂਬੇ ਅੰਦਰ ਲਾਅ ਅਤੇ ਆਰਡਰ ਦੀ ਸਥਿੱਤੀ ਇਸ ਕਦਰ ਵਿਗੜ ਚੁੱਕੀ ਹੈ ਕਿ ਰੋਜ਼ਾਨਾ ਦਿਨ-ਦਿਹਾੜੇ ਸ਼ਰੇਆਮ ਕਤਲੇਆਮ, ਡਾਕੇ, ਲੁੱਟਾਂ-ਖੋਹਾਂ, ਗੈਗਵਾਰ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਉਮੀਦਵਾਰਾਂ ਨੂੰ ਜਿੱਤ ਦੁਆ ਕੇ ਦੇਸ਼ ਅੰਦਰ ਤੀਜੀ ਵਾਰ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਚੁਣਿਆ ਜਾਵੇ।
ਕੇਂਦਰੀ ਮੰਤਰੀ ਮਾਂਡਵੀਆ ਨੇ ਕਿਹਾ ਦੇਸ਼ ਦੀ ਜਨਤਾ ਦਾ ਢਿੱਡ ਭਰਨ ਦੇ ਲਈ ਕਿਸਾਨ ਜ਼ਿਆਦਾ ਝੋਨਾ ਪਕਾਉਣ ਲਈ ਕੈਮੀਕਲ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਹੁਣ ਦੇਸ਼ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਕਾਫੀ ਬਦਲਾਅ ਹੋ ਰਿਹਾ ਹੈ। ਹੁਣ 1 ਥੈਲਾ ਯੂਰੀਆ ਦੇ ਮੁਕਾਬਲੇ 500 ਐਮਐਲ ਸਿਰਫ 250 ਰੁਪਏ ਅਤੇ ਇੱਕ ਡੀਏਪੀ ਥੈਲੇ ਦੇ ਮੁਕਾਬਲੇ ਇੱਕ ਨੈਨੋ ਡੀਏਪੀ ਕਰੀਬ 600 ਰੁਪਏ ਵਿੱਚ ਮਿਲੇਗੀ। ਇਸ ਅਲਟਰਨੇਟ ਫਰਟੀਲਾਈਜ਼ਰ ਦਾ ਉਪਯੋਗ ਕਰਨ ਦੇ ਨਾਲ ਫਸਲ ਦਾ ਉਤਪਾਦਨ, ਮਿੱਟੀ ਦੀ ਉਪਜਾਊ ਸ਼ਕਤੀ ਵਧੇਗੀ ਤੇ ਪ੍ਰਦੂਸ਼ਣ ਘਟੇਗਾ। ਉਨ੍ਹਾਂ ਵੱਲੋਂ ਭਾਜਪਾ ਵੱਲੋਂ ਦੇਸ਼ ਦੇ ਗਰੀਬਾਂ ਦੇ ਲਈ ਅਵਾਸ ਯੋਜਨਾ, ਕੋਰੋਨਾ ਕਾਲ ਸਮੇਂ 220 ਕਰੋੜ ਲੋਕਾਂ ਨੂੰ ਮੁਫਤ ਵੈਕਸੀਨ, ਆਯੂਸ਼ਮਾਨ ਭਾਰਤ ਯੋਜਨਾ ਤਹਿਤ 5 ਲੱਖ ਤੱਕ ਦਾ ਇਲਾਜ਼ ਸਮੇਤ ਹੋਰਨਾਂ ਸਕੀਮਾਂ ਬਾਰੇ ਜਾਣੂ ਕਰਵਾਇਆ ਤਾਂ ਜੋ ਪੰਜਾਬ ਅੰਦਰ ਵੀ ਭਾਜਪਾ ਦੀ ਸਰਕਾਰ ਬਣਾਈ ਜਾਵੇ ਤਾਂ ਜੋ ਡਬਲ ਇੰਜਣ ਦੀ ਸਰਕਾਰ ਬਣਾ ਕੇ ਸਾਰੀਆਂ ਸਹੂਲਤਾਵਾਂ ਨਿਰਵਿਘਨ ਦਿੱਤੀਆਂ ਜਾ ਸਕਣ। ਹਲਕਾ ਇੰਚਾਰਜ਼ ਜਗਦੀਸ਼ ਜੱਗਾ ਨੇ ਲੋਕ ਭਲਾਈ ਟਰੱਸਟ ਦੀ ਤਰਫੋਂ ਹਰੇਕ ਮਹੀਨੇ 1600 ਪਰਿਵਾਰਾਂ ਨੂੰ ਦਿੱਤੀ ਜਾਂਦੀ ਮਹੀਨਾਵਾਰੀ ਪੈਨਸ਼ਨ, ਸੁਵਿਧਾ ਕੇਂਦਰ ਦੇ ਰਾਹੀਂ ਦਿੱਤੀਆਂ ਜਾਂਦੀਆਂ ਸੁਵਿਧਾਵਾਂ ਬਾਰੇ ਜਾਗਰੂਕ ਕੀਤਾ। ਇਸ ਮੌਕੇ ਹਲਕਾ ਇੰਚਾਰਜ ਜਗਦੀਸ਼ ਜੱਗਾ, ਭਾਜਪਾ ਜ਼ਿਲ੍ਹਾ ਪ੍ਰਧਾਨ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਜਨਰਲ ਸਕੱਤਰ ਪ੍ਰਦੀਪ ਨੰਦਾ ਵੱਲੋਂ ਕੇਂਦਰੀ ਮੰਤਰੀ ਮਾਂਡਵੀਆ ਨੂੰ ਰਾਜਪੁਰਾ ਸਿਵਲ ਹਸਪਤਾਲ ਨੂੰ ਅੱਪਗੇ੍ਡ ਕਰ ਕੇ ਟਰੋਮਾ ਸੈਂਟਰ ਬਣਾਉਣ, ਪੰਜਾਬ ਦੇ ਪ੍ਰਵੇਸ਼ ਦੁਆਰ ਰਾਜਪੁਰਾ ਸ਼ਹਿਰ ਨੂੰ ਜ਼ਿਲ੍ਹੇ ਦਾ ਦਰਜ਼ਾ ਦਿਵਾਉਣ ਅਤੇ ਕੌਮੀ ਸ਼ਾਹ ਮਾਰਗ ਨਲਾਸ ਰੋਡ ਉਤੇ ਪੁਲ਼ ਦੀ ਉਸਾਰੀ ਕਰਵਾ ਕੇ ਸੜਕ ਵਿਚਕਾਰ ਕੱਟ ਦਿਵਾਉਣ ਦੇ ਲਈ ਮੰਗ-ਪੱਤਰ ਸੌਂਪਿਆ।ਇਸਦੇ ਨਾਲ ਹੀ ਭਾਜਪਾ ਸੂਬਾ ਮੀਤ ਪ੍ਰਧਾਨ ਦਿਆਲ ਸਿੰਘ ਸੋਢੀ, ਭਾਜਪਾ ਸਕੱਤਰ ਪਰਮਿੰਦਰ ਸਿੰਘ ਬਰਾੜ, ਵਿਕਰਮਜੀਤ ਸਿੰਘ ਚਾਹਲ ਸਮੇਤ ਹੋਰਨਾਂ ਵੱਲੋਂ ਵੀ ਸੰਬੋਧਨ ਕੀਤਾ। ਅਖੀਰ ਹਲਕਾ ਇੰਚਾਰਜ ਜੱਗਾ ਵੱਲੋਂ ਕੇਂਦਰੀ ਮੰਤਰੀ ਨੂੰ ਸਿਰੋਪਾਓ ਅਤੇ ਸ੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਸਪਾਲ ਸਿੰਘ ਗੰਦਰੋਲੀ, ਉਧਮ ਸਿੰਘ, ਭਾਜਪਾ ਜ਼ਿਲ੍ਹਾ ਪ੍ਰਭਾਰੀ ਜੈਸਮੀਨ ਸੰਧਾਵਾਲੀਆ, ਸ਼ਾਂਤੀ ਸਪਰਾ, ਭਾਜਪਾ ਜ਼ਿਲ੍ਹਾ ਯੁੱਵਾ ਮੋਰਚਾ ਪ੍ਰਧਾਨ ਹਰਸਿਮਰਨਜੀਤ ਸਿੰਘ ਚਮਾਰੂ, ਦਫਤਰ ਇੰਚਾਰਜ਼ ਵਿਸ਼ੂ ਸ਼ਰਮਾ, ਸੁਰਿੰਦਰ ਸਿੰਘ ਘੁਮਾਣਾਂ, ਕਾਲਾ ਨਨਹੇੜਾ, ਚੌਧਰੀ ਸੇਖਰ ਸਿੰਘ, ਨਰੇਸ਼ ਧੀਮਾਨ, ਅਮਰਜੀਤ ਸਿੰਘ ਉਕਸੀ ਸਮੇਤ ਭਾਜਪਾ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।






