ਥਾਣਾ ਟਾਂਡਾ ਪੁਲਿਸ ਨੇ ਬੀਤੇ ਦਿਨੀਂ ਲੁੱਟ-ਖੋਹ ਦੌਰਾਨ ਵਾਪਰੇ ਹਾਦਸੇ ਜਿਸ ਵਿਚ 6 ਸਾਲਾ ਬੱਚੇ ਗੁਰਭੇਜ ਸਿੰਘ ਤੇ 21 ਸਾਲਾ ਲੜਕੀ ਗਗਨਦੀਪ ਦੀ ਮੌਤ ਹੋ ਗਈ ਸੀ, ਦੇ ਜ਼ਿੰਮੇਵਾਰ ਦੋਨੋਂ ਲੁਟੇਰਿਆਂ ਨੂੰ ਕਰੀਬ ਇਕ ਕਿੱਲੋ ਨਸ਼ੀਲੇ ਪਾਊਡਰ ਸਮੇਤ ਕਾਬੂ ਕਰ ਲਿਆ ਹੈ ਜਦਕਿ ਇਸ ਤੋਂ ਪਹਿਲਾਂ ਟਰੈਕਟਰ ਚਾਲਕ ਸੁਨੀਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਪਛਾਣ ਸਿਮਰਨਜੀਤ ਸਿੰਘ ਉਰਫ਼ ਸਿਮਰ ਵਾਸੀ ਗੰਧੋਵਾਲ ਥਾਣਾ ਟਾਂਡਾ ਤੇ ਰਾਜਵੀਰ ਸਿੰਘ ਉਰਫ਼ ਰਾਜਾ ਵਾਸੀ ਧੀਰੋਵਾਲ ਥਾਣਾ ਹਰਗੋਬਿੰਦਪੁਰ ਵਜੋਂ ਹੋਈ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਡੀਐੱਸਪੀ ਟਾਂਡਾ ਕੁਲਵੰਤ ਸਿੰਘ ਨੇ ਦੱਸਿਆ ਕਿ ਐੱਸਐੱਚਓ ਟਾਂਡਾ ਮਲਕੀਅਤ ਸਿੰਘ ਦੀ ਅਗਵਾਈ ਵਿੱਚ ਏਐੱਸਆਈ ਦਲਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਦੌਰਾਨ ਗਸ਼ਤ ਮਿਆਣੀ ਰੋਡ ਗੈਸ ਏਜੰਸੀ ਕੋਲ ਕੀਤੀ ਨਾਕਾਬੰਦੀ ਮੌਕੇ ਉਕਤ ਮੁਲਜ਼ਮਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਮੁਲਜ਼ਮਾਂ ਨੇ ਮੋਟਰਸਾਈਕਲ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਬੇਕਾਬੂ ਹੋਇਆ ਮੋਟਰਸਾਈਕਲ ਦਰੱਖਤ ਵਿਚ ਜਾ ਵੱਜਾ।
ਪੁਲਿਸ ਨੇ ਦੋਨੋਂ ਮੁਲਜ਼ਮਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਸਿਮਰਨਜੀਤ ਕੋਲੋਂ 508 ਗ੍ਰਾਮ ਤੇ ਰਾਜਵੀਰ ਕੋਲੋਂ 506 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਥਾਣਾ ਟਾਂਡਾ ਲਿਆਂਦਾ। ਪੁੱਛਗਿੱਛ ਦੌਰਾਨ ਮੁਲਜ਼ਮਾਂ ਮੰਨਿਆ ਕਿ ਊਹ ਲੁੱਟਾਂ-ਖੋਹਾਂ ਕਰਦੇ ਹਨ ਤੇ 3 ਮਾਰਚ ਦੀ ਸ਼ਾਮ ਪਿੰਡ ਪੁਲ ਪੁਖਤਾ ਨਜ਼ਦੀਕ ਐਕਟਿਵਾ ਸਵਾਰ ਲੜਕੀ ਜਿਸ ਦੇ ਪਿੱਛੇ ਇਕ ਬੱਚਾ ਬੈਠਾ ਹੋਇਆ ਸੀ, ਕੋਲੋਂ ਪਰਸ ਖੋਹਿਆ ਸੀ। ਬਾਅਦ ਵਿਚ ਪਿੱਛਾ ਕਰ ਰਹੀ ਸਕੂਟਰੀ ਸਵਾਰ ਉਕਤ ਲੜਕੀ ਨੂੰ ਪੁਲ ਪੁਖਤਾ ਚੌਕ ਨਜ਼ਦੀਕ ਲੱਤ ਮਾਰ ਕੇ ਸਕੂਟਰੀ ਸਮੇਤ ਸੁੱਟ ਦਿੱਤਾ ਸੀ।
ਡੀਐੱਸਪੀ ਨੇ ਦੱਸਿਆ ਕਿ ਹਾਦਸੇ ਦੌਰਾਨ ਗੁਰਭੇਜ ਸਿੰਘ ਤੇ ਗਗਨਦੀਪ ਕੌਰ ਦੀ ਮੌਤ ਹੋ ਗਈ ਸੀ। ਡੀਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ।






