ਸ੍ਰੀ ਗੋਇੰਦਵਾਲ ਸਾਹਿਬ ਦੀ ਜੇਲ੍ਹ ’ਚ 26 ਫਰਵਰੀ ਨੂੰ ਹੋਈ ਗੈਂਗਵਾਰ ਸਬੰਧੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਦਰਜ ਕੀਤੇ ਕੇੇਸ ’ਚ ਨਾਮਜ਼ਦ ਸੱਤ ਅਧਿਕਾਰੀਆਂ ’ਚੋਂ ਗ੍ਰਿਫ਼ਤਾਰ ਕੀਤੇ ਪੰਜ ਮੁਲਜ਼ਮਾਂ ਨੂੰ ਸੋਮਵਾਰ ਨੂੰ ਖਡੂਰ ਸਾਹਿਬ ਦੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਪਹਿਲਾਂ ਦਰਜ ਕਤਲ ਦੀ ਐੱਫਆਈਆਰ ’ਚ ਮੰਗਲਵਾਰ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਜਿਨ੍ਹਾਂ ਨੂੰ ਖਡੂਰ ਸਾਹਿਬ ਦੀ ਅਦਾਲਤ ਵਿਚ ਪੇਸ਼ ਕਰ ਕੇ ਦੋ ਦਿਨਾ ਰਿਮਾਂਡ ’ਤੇ ਲਿਆ ਗਿਆ ਹੈ।
ਦੱਸ ਦਈਏ ਕਿ ਜੇਲ੍ਹ ਵਿਚ ਹੋਈ ਗੈਂਗਵਾਰ ਦੌਰਾਨ ਜੱਗੂ ਭਗਵਾਨਪੁਰੀਆ ਗੈਂਗ ਨਾਲ ਸਬੰਧਤ ਦੱਸੇ ਜਾਂਦੇ ਦੋ ਗੈਂਗਸਟਰਾਂ ਮਨਦੀਪ ਸਿੰਘ ਤੂਫਾਨ ਅਤੇ ਮਨਮੋਹਨ ਸਿੰਘ ਮੋਹਣਾ ਦੀ ਹੱਤਿਆ ਕਰ ਦਿੱਤੀ ਗਈ ਸੀ। ਉਕਤ ਮਾਮਲੇ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਦੂਜੇ ਧੜੇ ਦੇ ਮਨਪ੍ਰੀਤ ਸਿੰਘ ਭਾਊ, ਸਚਿਨ ਭਿਵਾਨੀ, ਅੰਕਿਤ ਸੇਰਸਾ, ਕਸ਼ਿਸ਼, ਰਜਿੰਦਰ ਉਰਫ ਜੋਕਰ, ਅਰਸ਼ਦ ਖਾਨ ਅਤੇ ਮਲਕੀਤ ਸਿੰਘ ਕੀਤਾ ਖ਼ਿਲਾਫ਼ 27 ਮਾਰਚ ਨੂੰ ਹੱਤਿਆ ਅਤੇ ਜਾਨਲੇਵਾ ਹਮਲਾ ਕਰਨ ਸਬੰਧੀ ਕੇਸ ਦਰਜ ਕਰ ਲਿਆ ਸੀ ਜਦੋਂਕਿ ਉਕਤ ਘਟਨਾਕ੍ਰਮ ਤੋਂ ਇਕ ਹਫ਼ਤਾ ਬਾਅਦ ਐਤਵਾਰ ਨੂੰ ਜੇਲ੍ਹ ’ਚ ਹੱਤਿਆ ਕਾਂਡ ਤੋਂ ਬਾਅਦ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਸਰਕਾਰ ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲਿਆ ਅਤੇ 5 ਮਾਰਚ ਨੂੰ ਸਚਿਨ ਭਿਵਾਨੀ, ਅੰਕਿਤ ਸੇਰਸਾ, ਕਸ਼ਿਸ਼, ਰਜਿੰਦਰ ਜੋਕਰ, ਮਲਕੀਤ ਸਿੰਘ ਕੀਤਾ, ਹਰਦੀਪ ਸਿੰਘ ਮੋਮਾ, ਬਲਦੇਵ ਸਿੰਘ ਨਿੱਕੂ ਅਤੇ ਦੀਪਕ ਮੁੰਡੀ ਖ਼ਿਲਾਫ਼ ਦਰਜ ਕੀਤੇ ਕੇਸ ਵਿਚ ਜੇਲ੍ਹ ਦੇ ਸੁਪਰਡੈਂਟ ਇਕਬਾਲ ਸਿੰਘ ਬਰਾੜ, ਸਹਾਇਕ ਸੁਪਰਡੈਂਟ ਵਿਜੇ ਕੁਮਾਰ, ਜਸਪਾਲ ਸਿੰਘ ਖਹਿਰਾ, ਹਰੀਸ਼ ਕੁਮਾਰ ਤੋਂ ਇਲਾਵਾ ਏਐੱਸਆਈ ਜੋਗਿੰਦਰ ਸਿੰਘ, ਏਐੱਸਆਈ ਹਰਚਰਨ ਸਿੰਘ ਅਤੇ ਹੈੱਡ ਕਾਂਸਟੇਬਲ ਸੁਰਿੰਦਰ ਸਿੰਘ ਨੂੰ ਨਾਮਜ਼ਦ ਕਰ ਕੇ ਮੁਅੱਤਲ ਕਰ ਦਿੱਤਾ ਗਿਆ ਸੀ ਜਦੋਂਕਿ ਇਕਬਾਲ ਸਿੰਘ ਬਰਾੜ, ਵਿਜੇ ਕੁਮਾਰ, ਹਰੀਸ਼ ਕੁਮਾਰ, ਜੋਗਿੰਦਰ ਸਿੰਘ ਅਤੇ ਹਰਚਰਨ ਸਿੰਘ ਨੂੰ ਬਾਕਾਇਦਾ ਗ੍ਰਿਫ਼ਤਾਰ ਵੀ ਕਰ ਲਿਆ ਗਿਆ।
ਸੋਮਵਾਰ ਨੂੰ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਤਾਂ ਅਦਾਲਤ ਨੇ ਸਾਰਿਆਂ ਨੂੰ ਜ਼ਮਾਨਤ ਦੇ ਦਿੱਤੀ ਜਦੋਂਕਿ ਹੁਣ ਪੁਲਿਸ ਨੇ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਦਰਜ ਹੋਈ ਹੱਤਿਆ ਦੀ ਐੱਫਆਈਆਰ ’ਚ ਸਾਰਿਆਂ ਨੂੰ ਸ਼ਾਮਲ ਕਰ ਲਿਆ ਹੈ। ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਜੇਲ੍ਹ ਅਮਲੇ ਦੇ ਉਕਤ ਲੋਕਾਂ ਨੂੰ ਗੈਂਗਵਾਰ ਵਾਲੇ ਦਿਨ ਦੀ ਸਾਜ਼ਿਸ਼ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਅਤੇ ਹੱਤਿਆ ਸਬੰਧੀ ਦਰਜ ਕੇਸ ਵਿਚ ਉਕਤ ਅਮਲੇ ਦੀ ਗ੍ਰਿਫ਼ਤਾਰੀ ਵੀ ਪਾ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਜੇਲ੍ਹ ਅਮਲੇ ਨੂੰ ਖਡੂਰ ਸਾਹਿਬ ਦੀ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨਾ ਪੁਲਿਸ ਰਿਮਾਂਡ ’ਤੇ ਲਿਆ ਗਿਆ ਹੈ।






