ਸਮਰਾਲਾ ਪੁਲਿਸ ਵੱਲੋਂ ਨੈਸ਼ਨਲ ਹਾਈਵੇ ਟੋਲ ਪਲਾਜਾ ਘੁਲਾਲ ਦੇ ਸਕਿਊਰਟੀ ਅਫ਼ਸਰ ਤੋਂ ਉਸ ਦੇ ਇਕਲੌਤੇ ਪੁੱਤਰ ਨੂੰ ਮਾਰਨ ਦੀ ਧਮਕੀ ਦਿੰਦੇ ਹੋਏ ਤਿੰਨ ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਗਿਰੋਹ ਦੀਆਂ 3 ਔਰਤਾਂ ਨੂੰ ਅੱਜ ਗਿ੍ਰਫਤਾਰ ਕੀਤਾ ਹੈ। ਜਦਕਿ ਇਸ ਮਾਮਲੇ ਵਿੱਚ ਪੁਲਿਸ ਨੂੰ ਹਾਲੇ ਇੱਕ ਹੋਰ ਵਿਅਕਤੀ ਦੀ ਭਾਲ ਹੈ।
ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਸਮਰਾਲਾ ਵਰਿਆਮ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਨੇੜਲੇ ਪਿੰਡ ਢੰਡੇ ਦੇ ਰਹਿਣ ਵਾਲੇ ਜਤਿੰਦਰਪਾਲ ਸਿੰਘ ਜੋਕਿ ਘੁਲਾਲ ਟੋਲ ਪਲਾਜ਼ਾ ਵਿਖੇ ਸਕਿਊਰਟੀ ਅਫ਼ਸਰ ਹੈ, ਨੇ ਸ਼ਿਕਾਇਤ ਕੀਤੀ ਕਿ, ਉਸ ਦੇ 13 ਸਾਲਾ ਦੇ ਇਕਲੌਤੇ ਪੁੱਤਰ ਨੂੰ ਮਾਰਨ ਦੀ ਧਮਕੀ ਉਸ ਦੀ ਇੱਕ ਜਾਣਕਾਰ ਔਰਤ ਅਤੇ ਉਸ ਦੇ ਨਾਲ ਸਾਜਿਸ਼ ਵਿੱਚ ਸ਼ਾਮਲ ਉਸ ਦੇ ਪਤੀ ਅਤੇ ਹੋਰ ਰਿਸ਼ਤੇਦਾਰ ਔਰਤਾਂ ਵੱਲੋਂ ਦਿੱਤੀ ਜਾ ਰਹੀ ਹੈ। ਉਕਤ ਦੋਸ਼ੀਆਂ ਵੱਲੋਂ ਇਹ ਧਮਕੀ ਉਸ ਦੀ ਪਤਨੀ ਦੇ ਮੋਬਾਇਲ ਫੋਨ ’ਤੇ ਵੀ ਲਗਾਤਾਰ ਦਿੱਤੀਆ ਗਈਆ। ਸ਼ਿਕਾਇਤਕਰਤਾ ਨੇ ਕਥਿਤ ਧਮਕੀਆਂ ਅਤੇ ਫਿਰੌਤੀ ਦੀ ਮੰਗ ਕਰਨ ਵਾਲੀ ਔਰਤ ਦੀਆਂ ਆਡਿਓ ਰਿਕਾਡਿੰਗ ਵੀ ਪੁਲਿਸ ਅਧਿਕਾਰੀਆਂ ਨੂੰ ਦਿੱਤੀਆ ਗਈਆ।
ਇਸ ’ਤੇ ਕਾਰਵਾਈ ਕਰਦਿਆ ਪੁਲਿਸ ਨੇ ਟੋਲ ਪਲਾਜਾ ’ਤੇ ਹੀ ਕੰਮ ਕਰਨ ਵਾਲੀ ਰਮਨਦੀਪ ਕੌਰ, ਉਸ ਦੀ ਮਾਤਾ ਭਿੰਦਰ ਕੌਰ ਅਤੇ ਸੱਸ ਮਨਜੀਤ ਕੌਰ ਨੂੰ ਅੱਜ ਫਿਰੌਤੀ ਮੰਗਣ ਅਤੇ ਬੱਚੇ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਅਧੀਨ ਗਿ੍ਰਫਤਾਰ ਕਰ ਲਿਆ ਹੈ। ਜਦਕਿ ਇਸ ਕੇਸ ਵਿੱਚ ਸ਼ਾਮਲ ਰਮਨਦੀਪ ਕੌਰ ਦਾ ਪਤੀ ਗੁਰਪ੍ਰੀਤ ਸਿੰਘ ਅਜੇ ਫਰਾਰ ਹੈ।
ਅਧਿਕਾਰੀਆਂ ਨੇ ਦੱਸਿਆ ਕਿ, ਕਥਿਤ ਦੋਸ਼ੀ ਰਮਨਦੀਪ ਕੌਰ ਪਹਿਲਾ ਵੀ ਸ਼ਿਕਾਇਤਕਰਤਾ ਕੋਲੋ ਕੁਝ ਰਕਮ ਲੈ ਚੁੱਕੀ ਹੈ ਅਤੇ ਜਦੋਂ ਉਸ ਤੋਂ ਰਕਮ ਵਾਪਸ ਮੰਗੀ ਗਈ ਤਾਂ ਉਹ ਬੱਚੇ ਨੂੰ ਮਰਵਾ ਦੇਣ ਦੀਆਂ ਧਮਕੀਆਂ ਦਿੰਦੀ ਹੋਈ 3 ਲੱਖ ਰੁਪਏ ਦੀ ਹੋਰ ਮੰਗ ਕਰਨ ਲੱਗ ਪਈ ਸੀ।






