ਖੰਨਾ ਪੁਲਿਸ ਵਲੋਂ ਮਾਡ਼ੇ ਅਨਸਰਾਂ ਨੂੰ ਨੱਥ ਪਾਉਣ ਦੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕੀਤੀ ਗਈ। ਪੁਲਿਸ ਨੇ ਅਮਰੀਕਾ ਬੈਠੇ ਗੈਂਗਸਟਰ ਲਵਜੀਤ ਕੰਗ ਦੇ ਗਿਰੋਹ ਦਾ ਪਰਦਾਫ਼ਾਸ ਕੀਤਾ ਗਿਆ। ਗਿਰੋਹ ਦੇ 6 ਮੈਂਬਰਾਂ ਗ੍ਰਿਫਤਾਰ ਕਰਨ ਤੇ ਉਨ੍ਹਾਂ ਤੋਂ 11 ਪਿਸਟਲ, 2 ਦੇਸੀ ਕੱਟੇ ਤੇ ਹੋਰ ਅਸਲਾ ਬਰਾਮਦ ਕੀਤਾ ਗਿਆ. ਗੈਂਗਸਟਰ ਲਵਜੀਤ ਕੰਗ ਨੂੰ ਨਾਮਜ਼ਦ ਕੀਤਾ ਗਿਆ ਹੈ। ਜਿਸ ਦੀ ਗ੍ਰਿਫਤਾਰੀ ਬਾਕੀ ਹੈ।ਐਸਐੱਸਪੀ ਖੰਨਾ ਅਮਨੀਤ ਕੌਂਡਲ ਨੇ ਦੱਸਿਆ ਕਿ ਐੱਸਪੀ (ਆਈ) ਡਾ.ਪ੍ਰਗਿਆ ਜੈਨ ਦੀ ਅਗਵਾਈ ਹੇਠਾਂ ਪੁਲਿਸ ਪਾਰਟੀ ਨੇ 6 ਦੋਸ਼ੀਆਂ ਨੂੰ ਵੱਡੀ ਮਾਤਰਾ ’ਚ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ। ਡੀਐੱਸਪੀ ਕਰਨੈਲ ਸਿੰਘ, ਇੰਸਪੈਟਕਰ ਹਰਦੀਪ ਸਿੰਘ ਐੱਸਐੱਚਓ ਥਾਣਾ ਸਦਰ ਅਤੇ ਥਾਣੇਦਾਰ ਅਮਨਦੀਪ ਸਿੰਘ ਇੰਜਾਰਜ ਸੀਆਈਏ ਖੰਨਾ ਨੇ 26 ਫ਼ਰਵਰੀ ਨੂੰ ਮੁਲਜ਼ਮ ਦਵਿੰਦਰ ਸਿੰਘ ਉਰਫ਼ ਬੰਟੀ ਅਤੇ ਕਰਨਜੋਤ ਸਿੰਘ ਉਰਫ਼ ਨੋਨਾ ਨੂੰ ਪਿੰਡ ਅਲੌਡ਼ ਨੇਡ਼ੇ ਨਾਕਾਬੰਦੀ ਦੌਰਾਨ 4 ਪਿਸਟਲ 32 ਬੋਰ ਅਤੇ 4 ਮੈਗਜ਼ੀਨਾਂ ਨਾਲ ਕਾਬੂ ਕੀਤਾ ਸੀ।
ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਦਾ ਸੰਪਰਕ ਅਮਰੀਕਾ ਬੈਠੇ ਗੈਂਗਸਟਰ ਲਵਜੀਤ ਕੰਗ ਨਾਲ ਹੈ, ਜੋ ਇਨ੍ਹਾਂ ਨੂੰ ਟਾਰਗੇਟ ਦਿੰਦਾ ਸੀ ਤੇ ਇਨ੍ਹਾਂ ਵੱਖ ਵੱਖ ਟਾਰਗੇਟਾਂ ਨੂੰ ਅਗਵਾ ਕਰਕੇ ਕਰੋਡ਼ਾਂ ਰੁਪਏ ਦੀ ਫਿਰੌਤੀ ਮੰਗਣੀ ਸੀ। ਦਵਿੰਦਰ ਸਿੰਘ ਉਰਫ਼ ਬੰਟੀ ਦੀ ਪੁੱਛਗਿੱਛ ਤੋਂ ਹਰਪ੍ਰੀਤ ਸਿੰਘ ਉਰਫ਼ ਹਨੀ ਤੇ ਕੋਹਿਨੂਰ ਸਿੰਘ ਟੀਟੂ ਨੂੰ 27 ਫਰਵਰੀ ਨੂੰ 1 ਪਿਸਟਲ 32 ਬੋਰਡ, 1 ਮੈਗਜ਼ੀਨ ਅਤੇ 3 ਜਿੰਦਾ ਰੌਂਦ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਇਸ ਬਾਅਦ ਬਲਕਰਨ ਸਿੰਘ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਫਿਰ 4 ਮਾਰਚ ਨੂੰ ਕਮਲਜੀਤ ਸਿੰਘ ਉਰਫ ਕੈਮ ਨੂੰ 4 ਪਿਸਟਲ 32 ਬੋਰ ਅਤੇ 6 ਮੈਗਜ਼ੀਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਇਸੇ ਤਰ੍ਹਾਂ 7 ਮਾਰਚ ਨੂੰ ਬਲਕਰਨ ਸਿੰਘ ਨੂੰ 2 ਦੇਸੀ ਕੱਟੇ 315 ਬੋਰ ਅਤੇ ਅੱਜ ਕੋਹੀਨੂਰ ਸਿੰਘ ਨੂੰ 2 ਪਿਸਟਲ 32 ਬੋਰ ਸਮੇਤ 2 ਮੈਗਜ਼ੀਨ ਬਰਾਮਦ ਕੀਤੇ ਗਏ। ਐੱਸਐੱਸਪੀ ਕੋਂਡਲ ਨੇ ਦੱਸਿਆ ਕਿ ਮੁਲਜ਼ਮਾਂ ਤੋਂ 13 ਅਸਲੇ, 11 ਮੈਗਜ਼ੀਨ, 3 ਜਿੰਦਾ ਰੋਂਦ, ਇੱਕ ਮੋਟਰ ਸਾਈਕਲ ਤੇ ਐਕਟਿਵਾ ਬਰਾਮਦ ਹੋਈਆਂ ਹਨ। ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਨ੍ਹਾਂ ਪਾਸੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।






