ਵਿਧਾਨ ਸਭਾ ਵਿਚ ਸਿਫ਼ਰ ਕਾਲ ਦੌਰਾਨ ਭੁਲੱਥ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਜੇਲ੍ਹਾਂ ਵਿਚ ਬੰਦ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਹਿੰਦੂ, ਮੁਸਲਿਮ ਇਸਾਈ ਤੇ ਸਿੱਖਾਂ ਸਮੇਤ ਜਿਹੜੇ ਵੀ ਧਰਮ, ਫਿਰਕੇ ਦੇ ਲੋਕਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ, ਉਨ੍ਹਾਂ ਦੀ ਰਿਹਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਵੈਸੇ ਤਾਂ ਸਦਨ ਨੂੰ ਸਰਬਸੰਮਤੀ ਨਾਲ ਇਹ ਮਤਾ ਪਾਉਣਾ ਚਾਹੀਦਾ ਹੈ।
ਖਹਿਰਾ ਨੇ ਕਿਹਾ ਕਿ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਦਾ ਮਾਮਲਾ ਚੁੱਕਦਿਆਂ ਕਿਹਾ ਕਿ ਦਿੱਲੀ ਦੀ ਆਪ ਸਰਕਾਰ ਕਈ ਵਾਰ ਉਨ੍ਹਾਂ ਦੀ ਅਰਜ਼ੀ ਰੱਦ ਕਰ ਚੁੱਕੀ ਹੈ। ਇਸੀ ਤਰ੍ਹਾਂ ਭਾਈ ਗੁਰਮੀਤ ਸਿੰਘ ਬਾਰੇ ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਹਾਈਕੋਰਟ ਵਿਚ ਗਲਤ ਰਿਪੋਰਟ ਦਿੱਤੀ ਗਈ ਹੈ ਕਿ ਇਸ ਦੇ ਬਾਹਰ ਆਉਣ ਨਾਲ ਅਮਨ-ਕਾਨੂੰਨ ਦੀ ਸਥਿਤੀ ਖਰਾਬ ਹੋਵੇਗੀ।
ਖਹਿਰਾ ਨੇ ਮੌੜ ਬੰਬ ਬਲਾਸਟ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ 2007 ਵਿਚ ਡੇਰਾ ਮੁਖੀ ਵੱਲੋਂ ਗੁਰੂ ਜੀ ਦੇ ਪਹਿਰਾਵੇ ਵਰਗੀ ਪੋਸ਼ਾਕ ਪਾਉਣ ਨਾਲ ਸੂਬੇ ਵਿਚ ਬੇਅਦਬੀ ਦਾ ਮੁੱਢ ਬੰਨਿ੍ਹਆ ਗਿਆ ਸੀ, ਪਰ ਅਕਾਲੀ ਭਾਜਪਾ ਸਰਕਾਰ ਨੇ ਕਾਰਵਾਈ ਕਰਨ ਦੀ ਬਜਾਏ ਬਚਾਉਣ ਦਾ ਕੰਮ ਕੀਤਾ। ਇਸੀ ਤਰ੍ਹਾਂ ਪਿਛਲੀ ਸਰਕਾਰ ਨੇ ਮੌੜ ਬੰਬ ਧਮਾਕੇ ਦੇ ਦੋਸ਼ੀਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਛੋਟੇ ਤੇ ਮਾਮੂਲੀ ਮਮਲਿਆਂ ਵਿਚ ਐੱਨਆਈਏ ਵਰਗੀ ਜਾਂਚ ਏਜੰਸੀ ਜਾਂਚ ਲਈ ਕਾਰਵਾਈ ਕਰਦੀ ਹੈ, ਪਰ ਆਰਡੀਐੱਕਸ ਵਰਗੇ ਮਾਮਲੇ ਵਿਚ ਈਡੀ ਨੇ ਵੀ ਚੁੱਪੀ ਧਾਰੀ ਹੋਈ ਹੈ। ਉਨ੍ਹਾਂ ਸਰਕਾਰ ਨੂੰ ਕਿਸਾਨ ਤੇ ਸੂਬੇ ਦੇ ਹਿੱਤ ਵਿਚ ਵਪਾਰ ਲਈ ਪਾਕਿਸਤਾਨ ਨਾਲ ਬਾਰਡਰ ਖੋਲ੍ਹਣ ਦੀ ਕਾਰਵਾਈ ਦਾ ਸੁਝਾਅ ਦਿੱਤਾ।
ਇਸੀ ਤਰ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸਰਕਾਰ ਨੇ ਇਕ ਸਾਲ ਵਿਚ 31 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਹੈ ਜਦਕਿ ਉਨ੍ਹਾਂ ਦੀ ਸਰਕਾਰ ਨੇ ਪੰਜ ਸਾਲਾਂ ਦੌਰਾਨ 73 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਵਿਧਾਨ ਸਭਾ ਵਿਚ ਬਜਟ ’ਤੇ ਬਹਿਸ ਵਿਚ ਹਿੱਸਾ ਲੈੰਦਿਆ ਵੜਿੰਗ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦਾ ਬਿਆਨ ਬਹੁਤ ਖਤਰਨਾਕ ਹੈ। ਪ੍ਰੋ. ਅਰਵਿੰਦ ਨੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਬਚਾਉਣ ਲਈ ਆਵਾਜ਼ ਉਠਾਉਣ ਦੀ ਗੱਲ ਕਹੀ ਹੈ ਕਿ ਨਹੀਂ ਤਾਂ ਯੂਨੀਵਰਸਿਟੀ ਬੰਦ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਬਜਟ ਵਿਚ 16 ਮੈਡੀਕਲ ਕਾਲਜ ਖੋਲ੍ਹਣ ਦੀ ਗੱਲ ਕਹੀ ਗਈ ਸੀ ਪਰ ਬਜਟ ਸਿਰਫ਼ ਦੋ ਕਾਲਜਾਂ ਲਈ ਰੱਖਿਆ ਗਿਆ ਹੈ ਏਦਾਂ ਤਾਂ ਚਾਰ ਸਾਲਾਂ ਵਿਚ ਕਾਲਜ ਖੋਲ੍ਹੇ ਨਹੀਂ ਜਾ ਸਕਣਗੇ। ਉਨ੍ਹਾਂ ਮੁੱਖ ਮੰਤਰੀ ਕੈਂਸਰ ਰਾਹਤ ਰਾਸ਼ੀ ਡੇਢ ਲੱਖ ਰੁਪਏ ਤੋਂ ਵਧਾਕੇ ਤਿੰਨ ਲੱਖ ਰੁਪਏ ਕਰਨ ਦੀ ਮੰਗ ਕੀਤੀ। ਇਸੀ ਤਰ੍ਹਾਂ ਕਿਡਨੀ ਟਰਾਂਸਪਲਾਂਟ ਲਈ ਸਾਢੇ ਚਾਰ ਲੱਖ ਰੁਪਏ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਪੰਜਵੀਂ ਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਜਬਰੀ ਪਾਸ ਕਰਨ ਵਾਲੇ ਫੈਸਲੇ ’ਤੇ ਪੁਨਰ ਵਿਚਾਰ ਕਰਨ ਦੀ ਅਪੀਲ ਕੀਤੀ।






