ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਪੇ੍ਰਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਗ਼ਰੀਬ ਪਰਿਵਾਰਾਂ ਦੇ ਰਾਸ਼ਨ ਕਾਰਡ ਕੱਟਣ ਖ਼ਿਲਾਫ਼ ਉਨ੍ਹਾਂ ਦੀ ਪਾਰਟੀ 17 ਮਾਰਚ ਤੋਂ 24 ਮਾਰਚ ਤੱਕ ਲੜੀਵਾਰ ਧਰਨੇ ਮੁਜ਼ਾਹਰੇ ਕਰ ਕੇ ਇਨਸਾਫ਼ ਹਫਤਾ ਮਨਾਵੇਗੀ। ਚੰਦੂਮਾਜਰਾ ਇੱਥੇ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੇ ਦਫ਼ਤਰ ਵਿਚ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਇਸ ਹਫ਼ਤੇ ਦੀ ਸ਼ੁਰੂਆਤ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਤੋਂ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਲੋਕ ਸਭਾ ਚੋਣਾਂ ਤੱਕ ਬਹੁਜਨ ਸਮਾਜ ਪਾਰਟੀ ਨਾਲ ਅਕਾਲੀ ਦਲ ਦਾ ਗੱਠਜੋੜ ਜਾਰੀ ਰਹੇਗਾ। ਚੰਦੂਮਾਜਰਾ ਨੇ ਦੱਸਿਆ ਕਿ ਇਸ ਸਮੇਂ ਸਾਰੇ ਜਨਤਕ ਅਦਾਰੇ ਕਰਜ਼ਾਈ ਹੋ ਚੁੱਕੇ ਹਨ ਜਿਨ੍ਹਾਂ ਵਿਚ ਪੰਜਾਬ ਮੰਡੀ ਬੋਰਡ, ਬਿਜਲੀ ਬੋਰਡ ਵਰਗੇ ਆਮਦਨ ਵਾਲੇ ਅਦਾਰੇ ਵੀ ਸ਼ਾਮਲ ਹਨ। ਇਸ ਮੌਕੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਤੇ ਅਕਾਲੀ ਵਰਕਰ ਹਾਜ਼ਰ ਸਨ।






