ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਸਾਲਾਨਾ ਬਜਟ ਵਧਾਉਣ ਦੀ ਥਾਂ 200 ਕਰੋੜ ਰੁਪਏ ਤੋਂ ਘਟਾ ਕੇ 164 ਕਰੋੜ ਰੁਪਏ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ‘ਆਪ’ ਹੁਣ ਲੋਕਾਂ ਦੇ ਉਪਜੇ ਰੋਹ ਨੂੰ ਠੰਢਾ ਕਰਨ ਲਈ ਮੁੜ ਸਮੀਖਿਆ ਦਾ ਇਕ ਹੋਰ ਝੂਠਾ ਵਾਅਦਾ ਕਰ ਰਹੀ ਹੈ।
ਬਾਦਲ ਨੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਬਿਆਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਦਾ ਭਵਿੱਖ ਧੁੰਦਲਾ ਹੈ। ਉਨ੍ਹਾਂ ਮੰਗ ਕੀਤੀ ਕਿ ਬਜਟ ਵਿਚ ਇਸ ਲਈ ਗ੍ਰਾਂਟ 300 ਕਰੋੜ ਰੁਪਏ ਕੀਤੀ ਜਾਵੇ। ਯੂਨੀਵਰਸਿਟੀ ’ਤੇ ਪਹਿਲਾਂ ਹੀ 150 ਕਰੋੜ ਰੁਪਏ ਦਾ ਕਰਜ਼ਾ ਹੈ ਤੇ ਉਹ ਸਮੇਂ ਸਿਰ ਤਨਖਾਹਾਂ ਦੇਣ ਦੇ ਹਾਲਾਤ ’ਚ ਨਹੀਂ ਹੈ। ਬਾਦਲ ਨੇ ਕਿਹਾ ਕਿ ਯੂਨੀਵਰਸਿਟੀ ਪੰਜਾਬੀਆਂ ਦੀ ਆਪਣੀ ਭਾਸ਼ਾ, ਸੱਭਿਆਚਾਰ ਤੇ ਧਾਰਮਿਕ ਵਿਰਸੇ ਪ੍ਰਤੀ ਵਚਨਬੱਧਤਾ ਦੀ ਪ੍ਰਤੀਕ ਹੈ।






