ਐਕਟਿਵਾ ਸਕੂਟਰ ‘ ਤੇ ਡੇਰਾ ਰਾਧਾ ਸੁਆਮੀ ਜਾ ਰਹੇ ਪਤੀ-ਪਤਨੀ ਨੂੰ ਇਕ ਕਾਰ ਵੱਲੋਂ ਟੱਕਰ ਮਾਰੇ ਜਾਣ ਨਾਲ ਮਹਿਲਾ ਦੀ ਮੌਤ ਹੋ ਗਈ ,ਜਦਕਿ ਮਿਰਤਕਾ ਦਾ ਪਤੀ ਗੰਭੀਰ ਹਾਲਤ ਵਿੱਚ ਡੀ ਐਮ ਸੀ ਹਸਪਤਾਲ ਵਿਖੇ ਜੇਰੇ ਇਲਾਜ਼ ਹੈ। ਹਾਦਸਾ ਫਿਰੋਜ਼ਪੁਰ ਜੀਰਾ ਮਾਰਗ ‘ ਤੇ ਸਥਿਤ ਡੇਰਾ ਰਾਧਾ ਸੁਆਮੀ ਨੇੜੇ ਹੋਇਆ ਦੱਸਿਆ ਜਾ ਰਿਹਾ ਹੈ।
ਇਸ ਸਬੰਧ ਵਿਚ ਥਾਣਾ ਕੁੱਲਗੜ੍ਹੀ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਖਿਲਾਫ 304-ਏ, 279, 337, 338, 427 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਰਮੇਸ਼ ਕੁਮਾਰ ਪੁੱਤਰ ਸੋਹਨ ਲਾਲ ਵਾਸੀ ਮਕਾਨ ਨੰਬਰ 154-ਪੀ ਸੰਤ ਲਾਲ ਰੋਡ ਕੈਂਟ ਫਿਰੋਜ਼ਪੁਰ ਨੇ ਦੱਸਿਆ ਕਿ ਉਸ ਦਾ ਚਾਚਾ ਗੁਰਬੰਸ ਲਾਲ ਪੁੱਤਰ ਸੋਹਨ ਲਾਲ ਵਾਸੀ ਮਕਾਨ ਨੰਬਰ 154-ਪੀ ਸੰਤ ਲਾਲ ਰੋਡ ਕੈਂਟ ਫਿਰੋਜ਼ਪੁਰ ਆਪਣੀ ਪਤਨੀ ਕਾਂਤਾ ਰਾਣੀ (50 ਸਾਲ) ਨਾਲ ਐਕਟਿਵਾ ਸਕੂਟਰ ’ਤੇ ਸਵਾਰ ਹੋ ਕੇ ਜਾ ਰਹੇ ਸੀ, ਜਦ ਉਹ ਨੇੜੇ ਡੇਰਾ ਰਾਧਾ ਸਵਾਮੀ ਪਾਸ ਪੁੱਜੇ ਤਾਂ ਇਕ ਕਾਰ ਜਿਸ ਨੂੰ ਕੋਈ ਅਣਪਛਾਤਾ ਤੇਜ਼ ਰਫਤਾਰ ਨਾਲ ਚਲਾ ਰਿਹਾ ਸੀ, ਜਿਸ ਨੇ ਆਪਣੀ ਕਾਰ ਗੁਰਬੰਸ ਲਾਲ ਦੀ ਐਕਟਿਵਾ ਵਿਚ ਮਾਰੀ। ਇਸ ਹਾਦਸੇ ਵਿਚ ਗੁਰਬੰਸ ਲਾਲ ਤੇ ਕਾਂਤਾ ਰਾਣੀ ਦੇ ਸੱਟਾਂ ਲੱਗੀਆਂ ਤੇ ਐਕਟਿਵਾ ਸਕੂਟਰੀ ਨੁਕਸਾਨੀ ਗਈ। ਜਿਨ੍ਹਾਂ ਨੂੰ ਇਲਾਜ ਲਈ ਬਾਗੀ ਹਸਪਤਾਲ ਫਿਰੋਜ਼ਪੁਰ ਵਿਖੇ ਦਾਖਲ ਕਰਵਾਇਆ ਗਿਆ, ਜਿਥੋਂ ਇਨ੍ਹਾਂ ਨੂੰ ਡੀਐੱਮਸੀ ਲੁਧਿਆਣਾ ਵਿਖੇ ਰੈਫਰ ਕੀਤਾ ਗਿਆ, ਜਿਥੇ ਕਾਂਤਾ ਰਾਣੀ ਦੀ ਦੌਰਾਨੇ ਇਲਾਜ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਸੋਨੇ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।






