ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਸਾਬਕਾ ਮੰਤਰੀ ਬ੍ਰਹਮ ਮੋਹਿੰਦਰਾ ਸ਼ੁੱਕਰਵਾਰ ਨੂੰ ਵਿਜੀਲੈਂਸ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋਏ। ਵਿਜੀਲੈਂਸ ਅਧਿਕਾਰੀਆਂ ਨੇ ਮੋਹਿੰਦਰਾ ਤੋਂ ਆਮਦਨ ਤੋਂ ਵੱਧ ਜਾਇਦਾਦ ਹੋਣ ਬਾਰੇ ਸਵਾਲ ਪੁੱਛੇ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਵਿਜੀਲੈਂਸ ਦੀ ਜਾਂਚ ਟੀਮ ਵੱਲੋਂ ਬ੍ਰਹਮ ਮੋਹਿੰਦਰਾ ਤੋਂ ਪੁੱਛਗਿੱਛ ਲਈ ਵੱਖ-ਵੱਖ ਸਮੇਂ ’ਤੇ ਤਿੰਨ ਨੋਟਿਸ ਭੇਜੇ ਗਏ ਸਨ, ਪਰ ਸਿਹਤ ਠੀਕ ਨਾ ਹੋਣ ਦੀ ਦਲੀਲ ਦਿੰਦੇ ਹੋਏ ਉਹ ਪੇਸ਼ ਨਹੀਂ ਹੋ ਸਕੇ ਸਨ। ਮੋਹਿੰਦਰਾ ਸਵੇਰੇ ਕਰੀਬ 11 ਵਜੇ ਵਿਜੀਲੈਂਸ ਹੈੱਡਕੁਆਰਟਰ ਪੁੱਜ ਗਏ ਸਨ। ਵਿਜੀਲੈਂਸ ਵੱਲੋਂ ਮੋਹਿੰਦਰਾ ਦੇ ਪੁੱਤਰ ਮੋਹਿਤ ਮੋਹਿੰਦਰਾ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਪਰ ਉਹ ਨਹੀਂ ਆਏ ਤੇ ਉਨ੍ਹਾਂ ਨੇ ਆਪਣੀ ਸਿਹਤ ਠੀਕ ਨਾ ਹੋਣ ਦਾ ਸਰਟੀਫਿਕੇਟ ਭੇਜ ਦਿੱਤਾ।
ਵਿਜੀਲੈਂਸ ਸੂਤਰਾਂ ਦਾ ਕਹਿਣਾ ਹੈ ਕਿ ਮੋਹਿਤ ਨੂੰ ਫਿਰ ਤੋਂ ਪੁੱਛਗਿੱਛ ਲਈ ਸੰਮਨ ਭੇਜ ਕੇ ਬੁਲਾਇਆ ਜਾਵੇਗਾ। ਇਨ੍ਹਾਂ ਤੋਂ ਜਾਇਦਾਦ ਬਾਰੇ ਕੁਝ ਦਸਤਾਵੇਜ਼ਾਂ ਦੀ ਮੰਗ ਕੀਤੀ ਗਈ ਹੈ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਬ੍ਰਹਮ ਮੋਹਿੰਦਰਾ ਵਿਜੀਲੈਂਸ ਕਮਿਸ਼ਨ ਕੋਲ ਪਟੀਸ਼ਨ ਲਗਾਈ ਸੀ। ਇਸ ’ਚ ਉਨ੍ਹਾਂ ਨੇ ਵਿਜੀਲੈਂਸ ਵੱਲੋਂ ਉਨ੍ਹਾਂ ’ਤੇ ਕੀਤੀ ਜਾ ਰਹੀ ਕਾਰਵਾਈ ਨੂੰ ਗ਼ਲਤ ਕਰਾਰ ਦਿੱਤਾ ਸੀ। ਪਰ ਕਮਿਸ਼ਨ ਵੱਲੋਂ ਉਨ੍ਹਾਂ ਨੂੰ ਦਖ਼ਲ ਨਾਂ ਦੇਣ ਲਈ ਕਿਹਾ ਗਿਆ ਸੀ। ਨਾਲ ਹੀ ਜਾਂਚ ਟੀਮ ਨੂੰ ਵੀ ਕਾਰਵਾਈ ਬਾਰੇ ਵਿਚਾਰ ਕਰਨ ਲਈ ਕਿਹਾ ਗਿਆ।
ਇਸ ਤੋਂ ਪਹਿਲਾਂ ਵਿਜੀਲੈਂਸ ਵੱਲੋਂ ਸਾਬਕਾ ਕੈਪਟਨ ਸਰਕਾਰ ’ਚ ਮੰਤਰੀ ਰਹੇ 9 ਸੀਨੀਅਰ ਨੇਤਾਵਾਂ ’ਤੇ ਕਾਰਵਾਈ ਕੀਤੀ ਜਾ ਚੁੱਕੀ ਹੈ। ਜਿਨ੍ਹਾਂ ’ਚੋਂ ਕਈ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਿਲ ਹੋ ਚੁੱਕੇ ਹਨ। ਵਿਜੀਲੈਂਸ ਵੱਲੋਂ ਹੁਣ ਤੱਕ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਤੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ’ਤੇ ਕਾਨੂੰਨੀ ਕਾਰਵਾਈ ਤੋਂ ਬਾਅਦ ਹੁਣ ਸਾਬਕਾ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਨੇਤਾ ਬ੍ਰਹਮ ਮੋਹਿੰਦਰਾ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਕਾਂਗਰਸੀ ਨੇਤਾ ਭਾਰਤ ਭੂਸ਼ਣ ਆਸ਼ੂ, ਸਾਧੂ ਸਿੰਘ ਧਰਮਸੋਤ, ਸੁੰਦਰ ਸ਼ਾਮ ਅਰੋੜਾ ਜੇਲ੍ਹ ’ਚ ਬੰਦ ਹੈ।






