ਜ਼ਿਲ੍ਹਾ ਮਾਨਸਾ ਦੇ ਪਿੰਡ ਭੈਣੀਬਾਘਾ ਤੇ ਬੁਰਜ ਰਾਠੀ ਦੇ ਕੱਚੇ ਰਾਹ ‘ਤੇ ਇਕ ਮੱਝਾਂ ਦੇ ਵਪਾਰੀ ਕੋਲੋਂ ਤਿੰਨ ਮੋਟਰਸਾਈਕਲ ਸਵਾਰ ਲੁਟੇਰੇ ਤੇਜ਼ ਧਾਰ ਹਥਿਆਰ ਨਾਲ ਡਰਾ ਧਮਕਾ ਕੇ ਸਾਢੇ 64 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਇਸ ਦੌਰਾਨ ਹੀ ਵਪਾਰੀ ਦਾ ਮੋਬਾਈਲ ਵੀ ਉਕਤ ਲੁਟੇਰੇ ਨਾਲ ਲੈ ਗਏ। ਠੂਠਿਆਂਵਾਲੀ ਚੌਕੀ ’ਚ ਪੀੜਤ ਵਿਅਕਤੀ ਨੇ ਆਪਣੇ ਬਿਆਨ ਦਰਜ ਕਰਵਾਏ ਹਨ। ਠੂਠਿਆਂਵਾਲੀ ਚੌਕੀ ਪੁਲਿਸ ਨੇ ਮਾਮਲੇ ’ਚ ਜਾਂਚ ਸ਼ੁਰੂ ਕਰ ਦਿੱਤੀ ਹੈ।
ਭੈਣੀਬਾਘਾ ਦੇ ਰਹਿਣ ਵਾਲੇ ਚਰਨ ਸਿੰਘ ਨੇ ਦੱਸਿਆ ਕਿ ਉਸ ਦੇ ਕਿਰਾਏ ‘ਤੇ ਵਪਾਰੀ ਸਰਫਰਾਜ ਰਹਿੰਦਾ ਹੈ ਜੋ ਕਿ ਯੂਪੀ ਦਾ ਰਹਿਣ ਵਾਲਾ ਹੈ। ਕਾਫ਼ੀ ਸਮੇਂ ਦਾ ਮੱਝਾਂ ਦਾ ਵਪਾਰ ਕਰ ਰਿਹਾ ਹੈ। ਸੱਜਰ, ਫੰਡਰ ਮੱਝਾਂ ਖਰੀਦ ਕੇ ਡੇਰਾ ਬੱਸੀ ਜਾਂ ਯੂਪੀ ਆਦਿ ‘ਚ ਵੇਚ ਦਿੰਦਾ ਹੈ ਪਰ ਅੱਜ ਜਦ ਉਹ ਬੁਰਜ ਰਾਠੀ ਵਿਖੇ ਮੱਝਾਂ ਦੇਖ ਕੇ ਮੋਟਰਸਾਈਕਲ ’ਤੇ ਬੁਰਜ ਰਾਠੀ ਤੋਂ ਭੈਣੀਬਾਘਾ ਕੱਚੇ ਰਾਹ ਆ ਰਿਹਾ ਸੀ ਤਾਂ ਇਸ ਦੌਰਾਨ ਭੈਣੀਬਾਘਾ ਦੇ ਨਜ਼ਦੀਕ ਜਦ ਉਹ ਪੁੱਜਿਆਂ ਤਾਂ ਤਿੰਨ ਜਣੇ ਇਕ ਮੋਟਰਸਾਈਕਲ ’ਤੇ ਆਏ ਤਾਂ ਉਨ੍ਹਾਂ ਨੇ ਕ੍ਰਿਪਾਨ ਨਾਲ ਉਸ ਨੂੰ ਡਰਾ ਧਮਕਾ ਕੇ ਹੱਥ ਖੜ੍ਹੇ ਕਰਵਾਏ ਅਤੇ ਫ਼ਿਰ ਉਸ ਕੋਲ ਸਾਢੇ 64 ਕੁ ਹਜ਼ਾਰ ਰੁਪਏ ਸਨ, ਉਹ ਖੋਹ ਕੇ ਫ਼ਰਾਰ ਹੋ ਗਏ। ਉਧਰ, ਪੁਲਿਸ ਨੇ ਇਸ ਮਾਮਲੇ ‘ਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ, ਪਰ ਅਜੇ ਪੁਲਿਸ ਦੇ ਹੱਥ ਸੁਰਾਗ ਨਹੀਂ ਲੱਗਿਆ ਹੈ।
ਚੌਕੀ ਠੂਠਿਆਂਵਾਲੀ ਦੇ ਪੁਲਿਸ ਅਧਿਕਾਰੀ ਕੁਲਵੰਤ ਸਿੰਘ ਦਾ ਆਖਣਾ ਹੈ ਕਿ ਇਸ ਮਾਮਲੇ ’ਚ ਘਟਨਾ ਵਾਲੇ ਸਥਾਨ ’ਤੇ ਜਾ ਕੇ ਆ ਰਹੇ ਹਾਂ। ਜਦ ਘਟਨਾ ਵਾਪਰੇ ਨੂੰ ਕਾਫ਼ੀ ਸਮਾਂ ਹੋਣ ਬਾਰੇ ਪੁੱਛਿਆਂ ਤਾਂ ਉਨ੍ਹਾਂ ਦੱਸਿਆ ਕਿ ਇਸ ਬਾਰੇ ਇਤਲਾਹ ਹੀ ਨਹੀਂ ਦਿੱਤੀ ਗਈ ਸੀ ਪਰ ਹੁਣ ਜਾ ਰਹੇ ਹਾਂ ਅਤੇ ਮਾਮਲੇ ਦੀ ਜਾਂਚ ਕਰਦੇ ਹਾਂ।






