ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਡਾਨੀ ਨਾਲ ਆਪਣੀ ਦੋਸਤੀ ਪੁਗਾਉਣ ਲਈ ਹਿਡਨਵਰਗ ਰਿਪੋਰਟ ਮਾਮਲੇ ’ਤੇ ਜੇਪੀਸੀ ਬਣਾਉਣ ਅਤੇ ਸੰਸਦ ਵਿੱਚ ਬਹਿਸ ਕਰਾਉਣ ਦੀ ਮੰਗ ਸਵੀਕਾਰ ਨਾ ਕਰ ਕੇ ਦੇਸ਼ ਦੀ ਸੰਸਦ ਨਹੀਂ ਚੱਲਣ ਦਿੱਤੀ ਜਾ ਰਹੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਦੇਸ਼ ਦੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ, ਸ਼ਹੀਦ ਭਗਤ ਸਿੰਘ, ਰਾਜਗੂਰ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਅਤੇ ਕਮਿਊਨਿਸਟ ਆਗੂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਜਨਮ ਦਿਹਾੜੇ ਨੂੰ ਸਮਰਪਿਤ ਰੈਲੀ ਨੂੰ ਸੰਬੋਧਨ ਕਰਦਿਆਂ ਸੀਪੀਆਈਐੱਮ ਦੇ ਕੁੱਲ ਹਿੰਦ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਨੇ ਕੀਤਾ। ਯੇਚੁਰੀ ਨੇ ਅੱਗੇ ਕਿਹਾ ਕਿ ਅਜਿਹਾ ਪਹਿਲੀ ਵੇਰ ਹੋਇਆ ਹੈ ਕਿ ਦੇਸ਼ ਦੀ ਸੰਸਦ ਸੱਤਾਧਾਰੀਆਂ ਵਲੋਂ ਨਾ ਚੱਲਣ ਦਿੱਤੀ ਜਾ ਰਹੀ ਹੋਵੇ। ਇਹ ਰੈਲੀ ਸੀਪੀਆਈਐੱਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਦੀ ਅਗਵਾਈ ਵਿੱਚ ਹੁਸ਼ਿਆਰਪੁਰ ਦੀਆਂ ਪੁਰਾਣੀਆਂ ਕਚਹਿਰੀਆਂ ਵਿਖੇ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਭੂਪ ਚੰਦ ਚੰਨੋ ਅਤੇ ਗੁਰਦਰਸ਼ਨ ਸਿੰਘ ਖੁਆਸਪੁਰ ਦੀ ਪ੍ਰਧਾਨਗੀ ਹੇਠ ਹੋਈ। ਇਸ ਰੈਲੀ ਵਿੱਚ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਸਾਬਕਾ ਸਿੱਖਿਆ ਮੰਤਰੀ ਅਤੇ ਓਲੰਪੀਅਨ ਪ੍ਰਗਟ ਸਿੰਘ ਅਤੇ ਸੀਪੀਆਈ ਦੇ ਸੂਬਾਈ ਆਗੂ ਪ੍ਰਿਥੀਪਾਲ ਸਿੰਘ ਮਾਘੀਮੇੜਾ ਸਮੇਤ ਵੱਡੀ ਗਿਣਤੀ ਵਿੱਚ ਆਗੂ ਪੁੱਜੇ ਸਨ।
ਇਸ ਰੈਲੀ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਰੈਲੀ ਵਾਲੇ ਪੁਰਾਣੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ ਯਾਦ ਵਿੱਚ ਲਾਇਬ੍ਰੇਰੀ, ਮਿਊਜ਼ੀਅਮ ਅਤੇ ਉਨ੍ਹਾਂ ਦਾ ਬੁੱਤ ਲਗਾ ਕੇ ਯਾਦਗਾਰ ਸਥਾਪਿਤ ਕਰਨ ਲਈ 1 ਏਕੜ ਜ਼ਮੀਨ ਦਿੱਤੀ ਜਾਵੇ।
ਕਾਮਰੇਡ ਸੀਤਾ ਰਾਮ ਯੇਚੁਰੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਆਪਣੇ ਚਹੇਤੇ ਕਾਰਪੋਰੇਟਾਂ ਦਾ 11 ਲੱਖ ਕਰੋੜ ਕਰਜ਼ਾ ਮਾਫ਼ ਕੀਤਾ ਗਿਆ ਹੈ ਅਤੇ ਟੈਕਸਾਂ ਵਿੱਚ ਵੱਡੀਆਂ ਰਿਆਇਤਾਂ ਦਿੱਤੀਆਂ ਗਈਆਂ ਹਨ। ਜਦੋਂ ਕਿ ਕਿਸਾਨਾਂ ਦੀ ਕਰਜ਼ ਮਾਫ਼ੀ ਮਾਮਲੇ ਵਿੱਚ ਚੁੱਪੀ ਧਾਰੀ ਹੋਈ ਹੈ। ਕਾਮਰੇਡ ਯੇਚੁਰੀ ਨੇ ਕਿਹਾ ਕਿ ਦੇਸ਼ ਦੇ ਲੋਕਾਂ ਦੀ ਖਰੀਦ ਸ਼ਕਤੀ ਕਾਫੀ ਹੇਠਾਂ ਆ ਗਈ ਹੈ ਅਤੇ ਦਿਨੋ ਦਿਨ ਅਮੀਰ ਹੋਰ ਅਮੀਰ ਅਤੇ ਗਰੀਬ ਹੋਰ ਅਮੀਰ ਹੁੰਦਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ 11 ਲੱਖ ਕਰੋੜ ਦਾ ਕਰਜ਼ਾ ਨੱਪਣ ਵਾਲੇ ਕਾਰਪੋਰੇਟਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣ ਅਤੇ ਦੇਸ਼ ਦੀ ਆਰਥਿਕਤਾ ਨੂੰ ਲੀਹ ‘ਤੇ ਲਿਆਂਦਾ ਜਾਵੇ।
ਕਾਮਰੇਡ ਯੇਚੁਰੀ ਨੇ ਕਿਹਾ ਕਿ 2024 ਜਿੱਤਣ ਲਈ ਦੇਸ਼ ਅੰਦਰ ਸਹਿਮ ਦਾ ਮਹੌਲ ਪੈਦਾ ਕੀਤਾ ਜਾ ਰਿਹਾ ਹੈ ਅਤੇ ਦਿੱਲੀ ਅੰਦਰ ‘ਮੋਦੀ ਹਟਾਓ-ਦੇਸ਼ ਬਚਾਓ’ ਦਾ ਨਾਅਰਾ ਦੀਵਾਰਾਂ ‘ਤੇ ਲਿਖਣ ਖਿਲਾਫ਼ 200 ਕੇਸ ਦਰਜ਼ ਕੀਤੇ ਗਏ ਹਨ। ਸਹਿਮ ਪੈਦਾ ਕਰਨ ਲਈ ਵਿਰੋਧੀਆਂ ‘ਤੇ ਪਿਛਲੇ 9 ਸਾਲ ਦੇ ਸਮੇਂ ਅੰਦਰ ਈ ਡੀ ਵਲੋਂ 3555 ਕੇਸ ਦਰਜ਼ ਕੀਤੇ ਗਏ ਹਨ, ਹਾਲੇ ਤੱਕ ਕਰੀਬ 23 ਲੋਕ ਹੀ ਗ੍ਰਿਫਤਾਰ ਹੋਏ ਹਨ। ਰਹਿੰਦੇ ਲੋਕਾਂ ਨੂੰ ਗੈਰ ਕਨੂੰਨੀ ਹਿਰਾਸਤ ਵਿੱਚ ਰੱਖਿਆ ਗਿਆ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਦੇਸ਼ ਅੰਦਰ ਫਿਰਕਾਪ੍ਰਸਤ ਤਾਕਤਾਂ ਵਲੋਂ ਡਰ ਦਾ ਮਹੌਲ ਪੈਦਾ ਕੀਤਾ ਜਾ ਰਿਹਾ ਹੈ।
ਸੀਤਾ ਰਾਮ ਯੇਚੁਰੀ ਨੇ ਕਿਹਾ ਭਾਜਪਾ ਵਲੋਂ ਫਾਸ਼ੀਵਾਦੀ ਤਾਨਾਸ਼ਾਹੀ ਵੱਲ ਲਿਜਾਏ ਜਾ ਰਹੇ ਦੇਸ਼ ਵਿੱਚ ਸੰਵਿਧਾਨ ਅਤੇ ਜ਼ਮਹੂਰੀਅਤ ਦੀ ਰਾਖੀ ਲਈ ਮੋਦੀ ਸਰਕਾਰ ਨੂੰ ਸੱਤਾ ਤੋਂ ਹਟਾਉਣਾ ਲਾਜ਼ਮੀ ਹੈ। ਉਨ੍ਹਾ ਲੋਕਾਂ ਨੂੰ ਸੱਦਾ ਦਿੱਤਾ ਕਿ ਸੰਵਿਧਾਨ, ਜਮਹੂਰੀਅਤ, ਚੋਣ ਕਮਿਸ਼ਨ, ਜੁਡੀਸ਼ਰੀ, ਸੀਬੀਆਈ, ਈਡੀ, ਕੈਗ ਸਮੇਤ ਸੰਵਿਧਾਨਕ ਸੰਸਥਾਵਾਂ ਦੀ ਰਾਖੀ ਲਈ ਅੱਗੇ ਆਉਣ ਅਤੇ ਸ਼ਹੀਦਾਂ ਸਮੇਤ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਆਰਥਿਕ ਅਜ਼ਾਦੀ ਦੇ ਸੁਪਨੇ ਨੂੰ ਅਮਲੀ ਜਾਮ ਪਹਿਨਾਇਆ ਜਾ ਸਕੇ।
ਰੈਲੀ ਨੂੰ ਸੰਬੋਧਨ ਕਰਦਿਆਂ ਸੀਪੀਆਈਐੱਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਨੂੰ ਅਜਨਾਲਾ ਘਟਨਾ ਮੌਕੇ ਗ੍ਰਿਫਤਾਰ ਕਰਨ ਦੀ ਥਾਂ ਇੱਕ ਮਹੀਨੇ ਬਾਅਦ ਗ੍ਰਿਫਤਾਰ ਕਰਕੇ ਭਾਜਪਾ ਦੇ ਪੰਜਾਬ ਅੰਦਰ ਦਹਿਸ਼ਤ ਪੈਦਾ ਕਰਕੇ 2024 ਜਿੱਤਣ ਦੇ ਮਨਸੂਬਿਆਂ ਦੇ ਪੱਖ ਵਿੱਚ ਭੁਗਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਗੈਂਗਸਟਰ, ਅੱਤਵਾਦ ਅਤੇ ਨਸ਼ਾ ਤਸਕਰਾਂ ਦਾ ਗੱਠਜੋੜ ਚੱਲਣਾ ਭਗਵੰਤ ਮਾਨ ਸਰਕਾਰ ਦਾ ਫੇਲੀਅਰ ਹੈ। ਅੰਮ੍ਰਿਤਪਾਲ ਕੋਲ ਰਹੀ 1 ਕਰੋੜ ਦੀ ਕਾਰ ਦਾ ਮਾਲਕ ਨਸ਼ਾ ਤਸਕਰ ਨਿਕਲਣਾ, ਇਸ ਗੱਠਜੋੜ ਦੀ ਸਪੱਸ਼ਟ ਮਿਸਾਲ ਹੈ।
ਇਸ ਮੌਕੇ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਕਾਮਰੇਡ ਸੁਰਜੀਤ ਨਾਲ ਬਿਤਾਏ 23 ਸਾਲਾਂ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਨ੍ਹਾ ਨੇ ਦੇਸ਼ ਦੀਆਂ ਫਿਰਕੂ ਤਾਕਤਾਂ ਨੂੰ ਦੇਸ਼ ਦੀ ਸੱਤਾ ਤੋਂ ਦੂਰ ਤਾਂ ਰੱਖਿਆ ਹੀ ਸੀ ਸਗੋਂ ਕੌਮਾਂਤਰੀ ਪੱਧਰ ‘ਤੇ ਵੀ ਲੋਕ ਪੱਖੀ ਤਾਕਤਾਂ ਨੂੰ ਇੱਕਮੁੱਠ ਕਰੀ ਰੱਖਿਆ।
ਇਸ ਮੌਕੇ ਸਾਬਕਾ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਕਿਹਾ ਕਿ ਭਾਜਪਾ ਵਲੋਂ 2024 ਜਿੱਤਣ ਲਈ ਸੂਬੇ ਅੰਦਰ ਸਹਿਮ ਦਾ ਮਹੌਲ ਪੈਦਾ ਕੀਤਾ ਜਾ ਰਿਹਾ ਹੈ ਅਤੇ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਵਾਲੀ ਕਰੀਬ 1 ਮਹੀਨਾਂ ਬਾਅਦ ਭਾਜਪਾ ਵਲੋਂ ਬਣਾਈ ਸਕੀਮ ਨੂੰ ਮੋਢਾ ਅਖੌਤੀ ਦੇਸ਼ ਭਗਤ ‘ਆਪ’ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਗਾ ਕੇ ਸਿਰੇ ਚੜ੍ਹਾਇਆ ਹੈ। ਇਸ ਮੌਕੇ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਬਲਵੀਰ ਸਿੰਘ ਜਾਡਲਾ, ਕਾਮਰੇਡ ਰਾਮ ਸਿੰਘ ਨੂਰਪੁਰੀ, ਕਾਮਰੇਡ ਗੁਰਨੇਕ ਸਿੰਘ ਭੱਜਲ, ਕਾਮਰੇਡ ਰੂਪ ਬਸੰਤ ਸਿੰਘ ਬੜੈਚ, ਮੇਜਰ ਸਿੰਘ ਭਿੱਖੀਵਿੰਡ, ਅਬਦੁੱਲ ਸੱਤਾਰ, ਸੁੱਚਾ ਸਿੰਘ ਅਜਨਾਲਾ, ਸਵਾਗਤੀ ਕਮੇਟੀ ਦੇ ਚੇਅਰਮੈਨ ਕਾਮਰੇਡ ਗੁਰਮੇਸ਼ ਸਿੰਘ, ਮਹਿੰਦਰ ਕੁਮਾਰ ਬੱਢੋਆਣ, ਕਮਲਜੀਤ ਸਿੰਘ ਰਾਜਪੁਰ ਭਾਈਆਂ ਵੀ ਹਾਜ਼ਰ ਸਨ।






