ਥਾਣਾ ਮਲੌਦ ਅਧੀਨ ਪੈਂਦੇ ਪਿੰਡ ਗੋਸਲ ਦੇ 27 ਸਾਲਾ ਨੌਜਵਾਨ ਮਨਵੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਦੀ ਲਾਸ਼ ਸ਼ੁੱਕਰਵਾਰ ਪਿੰਡ ਚੋਮੋ ਤੋਂ ਬੇਰਕਲਾਂ ਦੇ ਵਿਚਕਾਰ ਜਾਂਦੇ ਸੂਏ ਨਜ਼ਦੀਕ ਇਕ ਬੰਦ ਪਈ ਮੋਟਰ ਨੇੜੇ ਗਲੀ-ਸੜੀ ਹਾਲਤ ’ਚ ਮਿਲੀ। ਜ਼ਿਕਰਯੋਗ ਹੈ ਕਿ ਉਕਤ ਨੌਜਵਾਨ ਪਿਛਲੇ 4-5 ਦਿਨ ਤੋਂ ਲਾਪਤਾ ਸੀ ਜਿਸ ਦੀ ਮਾਪਿਆਂ ਵੱਲੋਂ ਭਾਲ ਕੀਤੀ ਜਾ ਰਹੀ ਸੀ। ਪਰ ਸ਼ੁੱਕਰਵਾਰ ਥਾਣਾ ਮਲੌਦ ਵਿਖੇ ਨੌਜਵਾਨ ਦੀ ਲਾਸ਼ ਸਬੰਧੀ ਸੂਚਨਾ ਮਿਲੀ ਜਿਸ ਦੀ ਬਾਂਹ ’ਚ ਟੀਕਾ ਤੇ ਸਰਿੰਜ ਲੱਗੀ ਹੋਈ ਸੀ, ਜਿਸ ਤੋਂ ਜਾਪਦਾ ਹੈ ਕਿ ਉਸਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੋਵੇਗੀ। 4 ਦਿਨ ਤੋਂ ਲਾਸ਼ ਪਈ ਹੋਣ ਕਾਰਨ ਬੁਰੀ ਤਰ੍ਹਾਂ ਖ਼ਰਾਬ ਹੋ ਚੁੱਕੀ ਸੀ। ਮੌਕੇ ’ਤੇ ਪੁੱਜੇ ਡੀਐੱਸਪੀ ਪਾਇਲ ਨਿਖਿਲ ਗਰਗ, ਥਾਣਾ ਮੁਖੀ ਮਲੌਦ ਸੰਦੀਪ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਜਾਇਜ਼ਾ ਲਿਆ ਤੇ ਨੌਜਵਾਨ ਦੀ ਪਛਾਣ ਕਰ ਕੇ ਮਾਪਿਆਂ ਨੂੰ ਸੂਚਿਤ ਕੀਤਾ ਗਿਆ। ਲਾਸ਼ ਦਾ ਪੋਸਟਮਾਰਟਮ ਕਰ ਕੇ ਪੁਲਿਸ ਵੱਲੋਂ ਧਾਰਾ 174 ਅਧੀਨ ਕਾਰਵਾਈ ਕਰ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।






