ਸ਼ਨਿਚਰਵਾਰ ਸਵੇਰੇ ਸਵੇਰੇ ਸਾਢੇ 6 ਵਜੇ ਦੇ ਕਰੀਬ ਪਿੰਡ ਤਲਵੰਡੀ ਭਰੋ ਦੇ ਇਕ ਡੇਰੇ ਤੋਂ ਕੱਚੇ ਰਸਤੇ ਰਾਹੀਂ ਆ ਰਹੀ ਅਕਾਲ ਅਕੈਡਮੀ ਧਨਾਲ ਕਲਾਂ ਜੋ ਕਿ ਅਜੇ ਇਕ ਬੱਚੇ ਨੂੰ ਡੇਰੇ ਤੋਂ ਬਿਠਾ ਕੇ ਤੁਰੀ ਹੀ ਸੀ ਕਿ ਡਰਾਈਵਰ ਹਰਪਰੀਤ ਦੀ ਲਾਪਰਵਾਹੀ ਤੇ ਬੱਸ ਦੀ ਖਸਤਾ ਹਾਲਤ ਹੋਣ ਕਾਰਨ 8 ਫੁੱਟ ਡੂੰਘੇ ਖੱਡੇ ’ਚ ਪਲਟਣੋ ਬਚ ਗਈ। ਬੱਸ ਦਰੱਖਤ ਦੇ ਨਾਲ ਲੱਗਣ ਕਰਕੇ ਰੁਕ ਗਈ ਨਹੀਂ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ।
ਮੌਕੇ ’ਤੇ ਮੌਜੂਦ ਲੜਕੇ ਦੇ ਪਿਤਾ ਨਿਸ਼ੂ ਤੇ ਸਰਪੰਚ ਲਖਬੀਰ ਸਿੰਘ ਤੋਂ ਇਲਾਵਾ ਕਾਫੀ ਗਿਣਤੀ ’ਚ ਇਕੱਤਰ ਹੋਏ ਵਿਅਕਤੀਆਂ ਨੇ ਸਕੂਲ ਪ੍ਰਬੰਧਨ ਦੇ ਵਿਰੁੱਧ ਬੱਸ ਦੀ ਖਸਤਾ ਹਾਲਤ ਤੇ ਡਰਾਈਵਰ ਦੀ ਲਾਪਰਵਾਹੀ ਵਿਰੁੱਧ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਬੱਸ ਦੀ ਹਾਲਤ ਬਹੁਤ ਖਸਤਾ ਸੀ। ਸਰਪੰਚ ਲਖਬੀਰ ਸਿੰਘ ਤੇ ਹੋਰ ਪਤਵੰਤਿਆਂ ਨੇ ਵਿਭਾਗ ਦੇ ਡੀਟੀਓ ਤੇ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਬੱਚਿਆਂ ਦੀ ਸੇਫਟੀ ਨੂੰ ਮੁੱਖ ਰੱਖਦਿਆਂ ਸਕੂਲੀ ਬੱਚਿਆਂ ਨੂੰ ਲੈ ਕੇ ਜਾਂਦੀਆਂ ਬੱਸਾਂ ਬਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਹੋ ਸਕੇ। ਨਗਰ ਵਾਸੀਆਂ ਨੇ ਇਹ ਵੀ ਰੋਸ ਜਤਾਇਆ ਕਿ ਸਾਢੇ ਛੇ ਵਜੇ ਦਾ ਫੋਨ ਕਰਨ ਦੇ ਬਾਵਜੂਦ ਸਾਢੇ ਨੌ ਵਜੇ ਦੇ ਕਰੀਬ ਸਕੂਲ ਪ੍ਰਬੰਧਨ ਮੌਕੇ ’ਤੇ ਪੁੱਜਾ।
ਇਸ ਮਾਮਲੇ ਸਬੰਧੀ ਜਦੋਂ ਅਕੈਡਮੀ ਦੇ ਪ੍ਰਿੰਸੀਪਲ ਅਮਨਪ੍ਰੀਤ ਕੌਰ ਨਾਲ ਫੋਨ ’ਤੇ ਬੱਸ ਦੀ ਖਸਤਾ ਹਾਲਤ ‘ਤੇ ਡਰਾਈਵਰ ਦੀ ਲਾਪਰਵਾਹੀ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਕਰਵਾਈ ਜਾਵੇਗੀ। ਜੇਕਰ ਬੱਸ ਦੀ ਖਸਤਾ ਹਾਲਤ ਹੈ ਤਾਂ ਉਸ ਨੂੰ ਬਦਲਿਆ ਜਾਵੇਗਾ ਤੇ ਡਰਾਈਵਰਾ ਨੂੰ ਵੀ ਸਖਤ ਹਦਾਇਤਾਂ ਦਿੱਤੀਆਂ ਜਾਣਗੀਆਂ। ਸਕੂਲ ਪ੍ਰਬੰਧਨ ਵੱਲੋਂ ਬੱਚਿਆਂ ਦੀ ਸੇਫਟੀ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਇਸ ਦੀ ਜਾਂਚ ਕੀਤੀ ਜਾਵੇਗੀ।






