ਚੰਡੀਗੜ੍ਹ ‘ਚ ਸਵੇਰੇ 3 ਵਜੇ ਤੋਂ ਹੀ ਜ਼ੋਰਦਾਰ ਮੀਂਹ ਪੈ ਰਿਹਾ ਹੈ। ਸਵੇਰ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਤਾਪਮਾਨ ਵਿੱਚ ਤਿੰਨ ਤੋਂ ਚਾਰ ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜਿਸ ਕਾਰਨ ਮੌਸਮ ਠੰਡਾ ਹੋ ਗਿਆ ਹੈ। ਟ੍ਰਾਈਸਿਟੀ (ਚੰਡੀਗੜ੍ਹ, ਪੰਚਕੂਲਾ, ਮੋਹਾਲੀ) ਵਿੱਚ ਸਵੇਰ ਤੋਂ ਹੀ ਜ਼ੋਰਦਾਰ ਮੀਂਹ ਪੈ ਰਿਹਾ ਹੈ। ਮੀਂਹ ਲਗਾਤਾਰ ਜਾਰੀ ਹੈ। ਹਾਲਾਂਕਿ, ਕਦੇ ਤੇਜ਼ ਅਤੇ ਕਦੇ ਹੌਲੀ-ਹੌਲੀ ਮੀਂਹ ਪੈ ਰਿਹਾ ਹੈ।
ਬੱਦਲਾਂ ਦੀ ਜ਼ੋਰਦਾਰ ਗਰਜ ਪੂਰੇ ਸ਼ਹਿਰ ਵਿੱਚ ਗੂੰਜ ਰਹੀ ਹੈ। ਸ਼ਹਿਰ ਵਿੱਚ ਕਈ ਥਾਵਾਂ ’ਤੇ ਪਾਣੀ ਭਰਨ ਦੀ ਸਥਿਤੀ ਬਣੀ ਹੋਈ ਹੈ। ਸੜਕਾਂ ‘ਤੇ ਪਾਣੀ ਭਰ ਜਾਣ ਕਾਰਨ ਟ੍ਰੈਫਿਕ ਜਾਮ ਹੈ। ਮੌਸਮ ਵਿਭਾਗ ਅਨੁਸਾਰ ਅੱਜ ਸਵੇਰ ਤੋਂ ਦੁਪਹਿਰ 1.30 ਵਜੇ ਤੱਕ ਸ਼ਹਿਰ ਵਿੱਚ 25 ਮਿਲੀਮੀਟਰ ਤੋਂ ਵੱਧ ਬਾਰਿਸ਼ ਹੋਈ ਹੈ।
ਸ਼ਹਿਰ ਵਿੱਚ ਕਈ ਥਾਵਾਂ ’ਤੇ ਦਰੱਖਤ ਟੁੱਟਣ ਅਤੇ ਡਿੱਗਣ ਦੀਆਂ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ। ਸੈਕਟਰ-45ਸੀ ਦੇ ਰਿਹਾਇਸ਼ੀ ਇਲਾਕੇ ਵਿੱਚ ਦਰੱਖਤ ਦੀ ਵੱਡੀ ਟਾਹਣੀ ਟੁੱਟ ਕੇ ਡਿੱਗ ਕੇ ਕਈ ਵਾਹਨ ਆਪਸ ਵਿੱਚ ਟਕਰਾ ਗਏ।
ਮੀਂਹ ਕਾਰਨ ਤਾਪਮਾਨ ਵਿੱਚ ਗਿਰਾਵਟ
ਮੀਂਹ ਕਾਰਨ ਤਾਪਮਾਨ ‘ਚ ਗਿਰਾਵਟ ਆਈ ਹੈ, ਜਿਸ ਕਾਰਨ ਠੰਡ ਦਾ ਅਸਰ ਵੀ ਵਧ ਗਿਆ ਹੈ। ਵਿਭਾਗ ਨੇ ਅੱਜ ਦਿਨ ਭਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਠੰਡ ਤੋਂ ਬਚਣ ਲਈ ਲੋਕ ਚਾਹ ਦੀ ਚੁਸਕੀਆਂ ਲੈਂਦੇ ਦੇਖੇ ਗਏ।
ਮੌਸਮ ਵਿਭਾਗ ਅਨੁਸਾਰ ਸਰਗਰਮ ਵੈਸਟਰਨ ਡਿਸਟਰਬੈਂਸ ਕਾਰਨ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਦੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਅਤੇ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਹੋ ਰਹੀ ਹੈ। ਘੱਟ ਬਾਰਿਸ਼ ਦੇ ਨਾਲ ਹੀ ਰਾਜ ਦੇ ਕਈ ਹਿੱਸਿਆਂ ਵਿੱਚ ਗੜੇਮਾਰੀ ਵੀ ਹੋਈ ਹੈ।






