ਗੁਰੂ ਨਗਰੀ ਦੇ ਵਿਚ ਸੀਵਰੇਜ ਸਾਫ ਸਫਾਈ ਸਹੀ ਢੰਗ ਨਾ ਹੋਣ ਕਰਕੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਨਾਲ ਹੀ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਰਹੇ ਹਨ। ਸ਼ਹਿਰ ਦੇ ਇਲਾਕੇ ਸੁਲਤਾਨਵਿੰਡ ਰੋਡ, ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦੇ ਇਲਾਕੇ ਤੇ ਛੇਹਰਟਾ ਦੇ ਵਿਚ ਸੀਵਰੇਜ ਦੀ ਕਾਫੀ ਸਮੱਸਿਆ ਹੈ, ਜਿਸ ਕਾਰਨ ਲੋਕ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਇਲਾਕਿਆਂ ਵਿਚ ਜਦੋਂ ਸੀਵਰੇਜ ਦੀ ਬਲੋਕੇਜ ਹੋ ਜਾਂਦੀ ਹੈ ਤਾਂ ਗੰਦਾ ਪਾਣੀ ਸੜਕਾਂ ਦੇ ਵਿਚ ਆਮ ਹੀ ਵੇਖਿਆ ਜਾਂਦਾ ਹੈ ਜਿਸ ਕਾਰਨ ਲੋਕਾਂ ਨੂੰ ਗੰਦੇ ਪਾਣੀ ਵਿਚੋਂ ਹੀ ਲੰਘਣਾ ਪੈਂਦਾ ਹੈ। ਇਨ੍ਹਾਂ ਇਲਾਕਿਆਂ ਦੀ ਸੀਵਰੇਜ ਦੀ ਬਲੋਕੇਜ ਦੀ ਸਮੱਸਿਆ ਨੂੰ ਦੀ ਗੱਲ ਕੀਤੀ ਜਾਵੇ ਤਾਂ ਸੀਵਰੇਜ ਦੀਆਂ ਪਾਈਪਾਂ ਪਾਈਆਂ ਨੂੰ ਕਾਫੀ ਸਮਾਂ ਬੀਤ ਚੁੱਕਾ ਹੈ ਤੇ ਇਨ੍ਹਾਂ ਇਲਾਕਿਆਂ ਦੀ ਸੰਖਿਆ ਵੀ ਵੱਧ ਗਈ ਹੈ, ਜਿਸ ਕਾਰਨ ਸੀਵਰੇਜ ਬਲਾਕ ਰਹਿੰਦੇ ਹਨ ਤੇ ਸੀਵਰੇਜ ਦੀ ਸਫਾਈ ਕਰਨ ਵਾਲੇ ਕਰਮਚਾਰੀਆਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਕਾਲੀ ਭਾਜਪਾ ਅਤੇ ਕਾਂਗਰਸ ਦੀ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਨੇ ਵੀ ਲੰਬਾ ਸਮਾਂ ਰਾਜ ਕੀਤਾ ਪਰ ਇਨ੍ਹਾਂ ਇਲਾਕਿਆਂ ਦੀ ਸਮੱਸਿਆ ਦੂਰ ਨਹੀਂ ਕਰ ਪਾਏ। 2023 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨੇ ਅਕਾਲੀ ਤੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਤੀਜੀ ਧਿਰ ਨੂੰ ਮੌਕਾ ਦੇ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਮੌਕਾ ਦਿੱਤਾ। ਹਲਕਾ ਦੱਖਣੀ ਪੂਰਬੀ ਤੇ ਪੱਛਮੀ ਦੀ ਗੱਲ ਕੀਤੀ ਜਾਵੇ ਤਾਂ ਇਲਾਕਾ ਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਵੱਡੀ ਗਿਣਤੀ ਨਾਲ ਜਿਤਾਇਆ। ਇਨ੍ਹਾਂ ਤਿੰਨਾਂ ਹਲਕਿਆਂ ਦੀ ਗੱਲ ਕੀਤੀ ਜਾਵੇ ਤਾਂ ਸੀਵਰੇਜ ਪ੍ਰਣਾਲੀ ਨੂੰ ਲੈ ਕੇ ਹਲਕੇ ਹਲਕਿਆਂ ਦੇ ਹਾਲਾਤ ਤਰਸਯੋਗ ਬਣੇ ਹੋਏ ਆ ਤੇ ਜਿਸ ਤੋਂ ਸਾਬਤ ਹੁੰਦਾ ਹੈ ਕਿ ਇਹ ਵੀ ਸਰਕਾਰ ਅਸਫਲ ਨਜ਼ਰ ਆ ਰਹੀ। ਦੱਸਣਯੋਗ ਹੈ ਕਿ ਤਿੰਨੇ ਹੀ ਵਿਧਾਇਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਕਾਸ ਕਰਨ ਦੇ ਦਾਅਵੇ ਵੀ ਕਰ ਰਹੇ ਹਨ।
———–
ਸਮੱਸਿਆ ਬਾਰੇ ਭਲੀਭਾਂਤ ਜਾਣਦਾਂ, ਜਲਦ ਹੋਵੇਗੀ ਹੱਲ : ਕੌਂਸਲਰ ਦੇਵਗਨ
ਹਲਕਾ ਪੱਛਮੀ ਅਧੀਨ ਆਉਣ ਦੀ ਵਾਰਡ ਨੰਬਰ 77 ਦੇ ਸਾਬਕਾ ਕੌਂਸਲਰ ਵਿਰਾਟ ਦੇਵਗਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੀਵਰੇਜ ਦੀ ਸਮੱਸਿਆ ਬਾਰੇ ਉਹ ਭਲੀਭਾਂਤ ਜਾਣਦੇ ਹਨ। ਲੋਕਾਂ ਨੂੰ ਜਦੋਂ ਸੀਵਰੇਜ ਦੀ ਮੁਸ਼ਕਿਲ ਆਉਂਦੀ ਹੈ ਤਾਂ ਉਨ੍ਹਾਂ ਨਾਲ ਸੰਪਰਕ ਕਰਦੇ ਹਨ ਤੇ ਉਹ ਇਸ ਦਾ ਨਿਪਟਾਰਾ ਵੀ ਕਰਵਾ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਸੀਵਰੇਜ ਦੀਆਂ ਪਾਈਪਾਂ ਪਈਆਂ ਨੂੰ ਕਾਫੀ ਸਮਾਂ ਹੋ ਗਿਆ ਹੈ ਤੇ ਜਦੋਂ ਸੀਵਰੇਜ ਪਾਇਆ ਗਿਆ ਸੀ ਤਾਂ ਉਸ ਸਮੇਂ ਜਨਸੰਖਿਆ ਵੀ ਘੱਟ ਸੀ। ਇਸ ਇਲਾਕੇ ਦੀ ਜਨਸੰਖਿਆ ਵੀ ਵੱਧ ਗਈ ਹੈ, ਜਿਸ ਕਾਰਨ ਸੀਵਰੇਜ ਦੀ ਬਲੋਕੇਜ ਹੋ ਜਾਂਦੀ ਹੈ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਬਾਰੇ ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਗਈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੱਛਮੀ ਦੇ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਸੀਵਰੇਜ ਦੀ ਸਮੱਸਿਆ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਾਉਣ ਲਈ ਵਿਸ਼ੇਸ਼ ਉਪਰਾਲੇ ਕਰ ਰਹੇ ਹਨ। ਜਲਦ ਹੀ ਇਸ ਦਾ ਹੱਲ ਹੋ ਜਾਵੇਗਾ ਤੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਨਿਜਾਤ ਮਿਲ ਜਾਵੇਗੀ।
ਬਹੁਤਿਆਂ ਘਰਾਂ ਦਾ ਪਰੋਣਾ ਭੁੱਖਾ ਹੀ ਰਹਿ ਜਾਂਦਾ : ਸਾਬਕਾ ਕੌਂਸਲਰ ਸੁਲਤਾਨਵਿੰਡ
ਹਲਕਾ ਪੂਰਬੀ ਦੇ ਅਧੀਨ ਆਉਂਦੀ ਪੁਰਾਣੀ ਵਾਰਡ ਨੰਬਰ 43 ਦੇ ਸਾਬਕਾ ਕੌਂਸਲਰ ਜਸਕੀਰਤ ਸਿੰਘ ਸੁਲਤਾਨਵਿੰਡ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਇਹ ਇਲਾਕਾ ਉਦੋਂ ਨਗਰ ਨਿਗਮ ਦੇ ਵਿਚ ਵੀ ਨਹੀਂ ਆਇਆ ਸੀ, ਜਦੋਂ ਦਾ ਇਸ ਇਲਾਕੇ ਦਾ ਸੀਵਰੇਜ ਪਿਆ ਹੋਇਆ ਹੈ। ਸੀਵਰੇਜ ਦੀ ਮਿਆਦ ਖਤਮ ਹੋਣ ਕਾਰਨ ਬਣੀਆਂ ਹੋਈਆਂ ਹੋਦੀਆਂ ਵੀ ਟੁੱਟ ਰਹੀਆਂ ਹਨ। ਹੋਦੀਆਂ ਟੁੱਟਣ ਨਾਲ ਵੀ ਸੀਵਰੇਜ ਬਲੋਕ ਹੋ ਜਾਂਦਾ ਹੈ, ਜਿਸ ਕਾਰਨ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਚਲਾ ਜਾਂਦਾ ਹੈ। ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਕਈ ਲੋਕ ਉਨ੍ਹਾਂ ਨਾਲ ਗੱਲਬਾਤ ਕਰ ਕੇ ਆਪਣੀ ਪੇ੍ਸ਼ਾਨੀ ਦੱਸਦੇ ਹਨ। ਉਨ੍ਹਾਂ ਦੱਸਿਆ ਕਿ ਸੁਲਤਾਨਵਿੰਡ ਰੋਡ ਨੂੰ ਹਲਕਾ ਦੱਖਣੀ ਤੇ ਪੂਰਬੀ ਪੈਂਦਾ ਹੈ। ਸੀਵਰੇਜ ਦੀ ਸਮੱਸਿਆ ਨੂੰ ਦੂਰ ਕਰਨ ਲਈ ਨਵਾਂ ਸੀਵਰੇਜ ਪਾਉਣਾ ਬਹੁਤ ਹੀ ਜ਼ਰੂਰੀ ਹੋ ਚੁੱਕਾ ਹੈ। ਉਨ੍ਹਾਂ ਨੇ ਇਕ ਕਹਾਵਤ ਦੱਸਦਿਆਂ ਹੋਇਆ ਕਿਹਾ ਕਿ ਬਹੁਤਿਆਂ ਘਰਾਂ ਦਾ ਪਰੋਣਾ ਭੁੱਖਾ ਹੀ ਰਹਿ ਜਾਂਦਾ ਹੈ। ਉਹ ਹਾਲ ਸੁਲਤਾਨਵਿੰਡ ਰੋਡ ਦਾ ਬਣਿਆ ਹੋਇਆ ਹੈ। ਹਲਕਾ ਪੂਰਬੀ ਤੇ ਦੱਖਣੀ ਦੇ ਇਸ ਸਾਂਝੇ ਰੋਡ ਇਲਾਕਾ ਵਾਸੀਆਂ ਨੂੰ ਸੀਵਰੇਜ਼ ਪ੍ਰਣਾਲੀ ਕਰਨ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਹਲਕਾ ਪੂਰਬੀ ਤੇ ਦੱਖਣੀ ਦੇ ਵਿਧਾਇਕਾਂ ਨੂੰ ਸਾਂਝੇ ਤੌਰ ‘ਤੇ ਇਸ ਸੀਵਰੇਜ ਪ੍ਰਣਾਲੀ ਦੀ ਸ਼ੁਰੂਆਤ ਕਰਵਾਉਣੀ ਚਾਹੀਦੀ ਹੈ। ਇਸ ਸਾਂਝੇ ਉਪਰਾਲੇ ਨਾਲ ਹੀ ਇਸ ਇਲਾਕੇ ਦੇ ਸੀਵਰੇਜ ਪ੍ਰਣਾਲੀ ਦੀ ਸਮੱਸਿਆ ਦੂਰ ਹੋ ਸਕਦੀ। ਉਨਾਂ੍ਹ ਇਹ ਵੀ ਦੱਸਿਆ ਕਿ ਸੀਵਰੇਜ ਦੀਆਂ ਪਾਈਪਾਂ ਤੇ ਹੋਦੀਆਂ ਦੀ ਮਿਆਦ ਖਤਮ ਹੋਣ ਨਾਲ ਸੜਕਾਂ ਵੀ ਖਰਾਬ ਹੋ ਰਹੀਆਂ ਹਨ। ਜਦੋਂ ਵੀ ਕਿਤੇ ਗੈਸ ਪਾਈਪ ਲਾਈਨ ਜਾਂ ਵਾਟਰ ਸਪਲਾਈ ਦੀਆਂ ਪਾਈਪਾਂ ਪਾਈਆਂ ਜਾਂਦੀਆਂ ਹਨ ਤਾਂ ਸੀਵਰੇਜ ਦੀਆਂ ਪਾਈਪਾਂ ਵੀ ਟੁੱਟ ਜਾਂਦੀਆਂ ਹਨ। ਇਸ ਕਾਰਨ ਇਲਾਕਾ ਨਿਵਾਸੀਆਂ ਨੂੰ ਭਾਰੀ ਪੇ੍ਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।






