ਜ਼ਿਲ੍ਹਾ ਸੰਗਰੂਰ ਦੇ ਧੂਰੀ ਰੇਲਵੇ ਸਟੇਸ਼ਨ ‘ਤੇ ਬੁੱਧਵਾਰ ਨੂੰ ਗੰਨਾ ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਕਰ ਕੇ ਦੋ ਦਿਨ ਪਹਿਲਾਂ ਕੀਤੇ ਗਏ ਐਲਾਨ ਦੇ ਮੱਦੇਨਜ਼ਰ ਪੁਲਿਸ ਵੱਲੋਂ ਰੇਲ ਰੋਕੋ ਅੰਦੋਲਨ ਨੂੰ ਅਸਫਲ ਕਰਨ ਲਈ ਸਵੇਰੇ ਹੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਘਰਾਂ ‘ਚੋਂ ਚੁੱਕ ਲਿਆ।
ਗੰਨਾ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਹਰਜੀਤ ਬੁਗਰਾ, ਬੀਕੇਯੂ ਆਜ਼ਾਦ ਦੇ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਤੇ ਹੋਰ ਕਿਸਾਨ ਆਗੂਆਂ ਨੂੰ ਪੁਲਿਸ ਨੇ ਉਨ੍ਹਾਂ ਦੇ ਘਰੋਂ ਚੁੱਕ ਲਿਆ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ‘ਤੇ ਭਾਰੀ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ ਤਾਂ ਜੋ ਕਿਸਾਨਾਂ ਨੂੰ ਰੇਲਵੇ ਸਟੇਸ਼ਨ ਤਕ ਨਾ ਪਹੁੰਚਣ ਦਿੱਤਾ ਜਾ ਸਕੇ।
ਕਿਸਾਨ ਆਗੂ ਲਏ ਹਿਰਾਸਤ ‘ਚ
ਜਥੇਬੰਦੀ ਦੇ ਕਿਸਾਨ ਆਗੂਆਂ ਨੂੰ ਹਿਰਾਸਤ ‘ਚ ਲਏ ਜਾਣ ਮਗਰੋਂ ਰੇਲਵੇ ਖ਼ਿਲਾਫ਼ ਧਰਨਾ ਦੇ ਰਹੇ ਕਿਸਾਨਾਂ ਦਾ ਧਰਨਾ ਫੇਲ੍ਹ ਹੋ ਗਿਆ। ਜ਼ਿਕਰਯੋਗ ਹੈ ਕਿ ਧੂਰੀ ਦੀ ਭਗਵਾਨਪੁਰ ਸ਼ੂਗਰ ਮਿੱਲ ‘ਚ ਇਸ ਸੀਜ਼ਨ ਦੇ ਗੰਨੇ ਦੀ ਬਿਜਾਈ ਲਈ ਕਿਸਾਨ ਪਿਛਲੇ ਤਿੰਨ ਹਫ਼ਤਿਆਂ ਤੋਂ ਸੰਘਰਸ਼ ਕਰ ਰਹੇ ਹਨ।
ਖੰਡ ਮਿੱਲ ਚਾਲੂ ਨਾ ਹੋਣ ਕਾਰਨ ਖੰਡ ਮਿੱਲ ‘ਚ ਗੰਨੇ ਦੀ ਖਰੀਦ ਨਹੀਂ ਹੋ ਰਹੀ, ਜਿਸ ਕਾਰਨ ਕਿਸਾਨਾਂ ਵੱਲੋਂ ਪਿਛਲੇ ਹਫ਼ਤੇ ਨੈਸ਼ਨਲ ਹਾਈਵੇਅ ਵੀ ਜਾਮ ਕੀਤਾ ਗਿਆ ਸੀ।
ਹਰ ਰੋਜ਼ ਖਰੀਦੀਆਂ ਜਾਣਗੀਆਂ ਗੰਨੇ ਦੀਆਂ 10 ਟਰਾਲੀਆਂ
ਇਸ ਤੋਂ ਬਾਅਦ ਪ੍ਰਸ਼ਾਸਨ ਤੇ ਗੰਨਾ ਕਮਿਸ਼ਨਰ ਨੇ ਵੀਰਵਾਰ ਨੂੰ ਮੀਟਿੰਗ ਕਰ ਕੇ ਭਰੋਸਾ ਦਿੱਤਾ ਕਿ ਗੰਨੇ ਨਾਲ ਭਰੀਆਂ ਟਰਾਲੀਆਂ ਦੀ ਤੁਰੰਤ ਖਰੀਦ ਕਰਨ ਦੇ ਨਾਲ-ਨਾਲ 24 ਦਸੰਬਰ ਤੋਂ ਰੋਜ਼ਾਨਾ 10-10 ਟਰਾਲੀਆਂ ਗੰਨੇ ਦੀ ਖਰੀਦ ਕੀਤੀ ਜਾਵੇਗੀ।
ਜਿਸ ਦੀਆਂ ਬਾਕਾਇਦਾ ਗੰਨਾ ਕਾਸ਼ਤਕਾਰਾਂ ਨੂੰ ਪਰਚੀਆਂ ਦਿੱਤੀਆਂ ਜਾਣਗੀਆਂ ਪਰ 25 ਦਸੰਬਰ ਤਕ ਵੀ ਨਾ ਤਾਂ ਕਿਸਾਨਾਂ ਨੂੰ ਗੰਨੇ ਦੀ ਖਰੀਦ ਦੀਆਂ ਪਰਚੀਆਂ ਦਿੱਤੀਆਂ ਗਈਆਂ ਤੇ ਨਾ ਹੀ ਖੰਡ ਮਿੱਲ ਵਿੱਚ ਖੜ੍ਹੀਆਂ ਗੰਨੇ ਦੀਆਂ ਭਾਰੀਆਂ 22 ਟਰਾਲੀਆਂ ਦੀ ਖਰੀਦ ਮੁਕੰਮਲ ਕੀਤੀ ਗਈ।






