ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਵਿਚ ਚਲਾਏ ਤਲਾਸ਼ੀ ਅਭਿਆਨ ਦੌਰਾਨ ਮੋਬਾਈਲ ਫੋਨਾਂ ਤੋਂ ਇਲਾਵਾ ਹੋਰ ਪਾਬੰਦੀਸ਼ੁਦਾ ਸਮੱਗਰੀ ਵੀ ਜੇਲ੍ਹ ਪ੍ਰਸ਼ਾਸਨ ਦੇ ਹੱਥ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਵਿਚ ਬੰਦ ਖਤਰਨਾਕ ਅਪਰਾਧੀਆਂ ਕੋਲੋਂ ਵੀ ਫੋਨ ਮਿਲੇ ਹਨ, ਜਦਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਦਿੱਤੀਆਂ ਵੱਖ ਵੱਖ ਸ਼ਿਕਾਇਤਾਂ ਦੇ ਅਧਾਰ ‘ਤੇ ਥਾਣਾ ਜੇਲ੍ਹ ਦੀ ਪੁਲਿਸ ਨੇ ਚਾਰ ਮੁਕੱਦਮੇ ਦਰਜ ਕੀਤੇ ਹਨ, ਜਿਨ੍ਹਾਂ ‘ਚ ਤਿੰਨ ਜਣਿਆਂ ਨੂੰ ਨਾਮਜ਼ਦ ਵੀ ਕੀਤਾ ਗਿਆ ਹੈ।
ਜੇਲ੍ਹ ਦੇ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਜੇਲ੍ਹ ਦੇ ਸਹਾਇਕ ਸੁਪਰਡੈਂਟ ਕਿਰਪਾਲ ਸਿੰਘ ਦੀ ਅਗਵਾਈ ਹੇਠ ਜੇਲ ਕਰਮਚਾਰੀਆਂ ਨੇ ਵਾਰਡ ਨੰਬਰ 3 ਦੇ ਬਲਾਕ ਸੀ ਦੇ ਸੈੱਲ ਨੰਬਰ 3 ਵਿਚ ਬੰਦ ਪਵਨ ਨੇਹਰਾ ਪੁੱਤਰ ਦਇਆ ਵਾਸੀ ਬੁੜਕਾ ਹਰਿਆਣਾ ਜੋ ਗੁੜਗਾਓ ਦੇ ਥਾਣਾ ਸੈਕਟਰ 10 ਵਿਚ ਦਰਜ ਕਤਲ, ਕਤਲ ਦੀ ਕੋਸ਼ਿਸ਼ ਸਬੰਧੀ ਦਰਜ ਕੇਸ ਦੇ ਤਹਿਤ ਨਾਮਜ਼ਦ ਹੈ ਕੋਲੋਂ ਅੋਪੋ ਕੰਪਨੀ ਦਾ ਸਮਾਰਟ ਫੋਨ ਸਣੇ ਜੀਓ ਦੀ ਸਿਮ ਬਰਾਮਦ ਹੋਇਆ ਹੈ। ਜਦੋਂਕਿ ਕੇਸਵ ਕੁਮਾਰ ਪੁੱਤਰ ਲਾਲ ਚੰਦ ਵਾਸੀ ਆਵਾ ਬਸਤੀ ਬਠਿੰਡਾ ਜੋ ਮਾਨਸਾ ਦੇ ਥਾਣਾ ਸਿਟੀ ਵਿਚ ਦਰਜ ਹੱਤਿਆ, ਇਰਾਦਨ ਹੱਤਿਆ ਅਤੇ ਹੋਰ ਧਾਰਾਵਾਂ ਤਹਿਤ ਇਥੇ ਬੰਦ ਹੈ ਕੋਲੋਂ ਵੀ ਰੈੱਡਮੀਂ ਕੰਪਨੀ ਦਾ ਫੋਨ ਤੇ ਏਅਰਟੈੱਲ ਦੀ ਸਿਮ ਬਰਾਮਦ ਹੋਈ ਹੈ। ਇਸ ਤੋਂ ਇਲਾਵਾ ਵਾਰਡ ਨੰਬਰ 9 ਦੀ ਬੈਰਕ ਨੰਬਰ 4 ਦੀ ਤਲਾਸ਼ੀ ਦੌਰਾਨ ਬਲਰਾਜ ਸਿੰਘ ਬਿੱਲਾ ਪੁੱਤਰ ਪਰਮਜੀਤ ਸਿੰਘ ਵਾਸੀ ਜੌਹਲ ਢਾਏ ਵਾਲਾ ਜੋ ਮੋਹਾਲੀ ਦੇ ਐੱਸਟੀਐੱਫ ਥਾਣੇ ਵਿਚ ਦਰਜ ਐੱਨਡੀਪੀਐੱਸ ਤੇ ਜਾਨਲੇਵਾ ਹਮਲਾ ਕਰਨ ਸਬੰਧੀ ਦਰਜ ਕੇਸ ਦੇ ਤਹਿਤ ਇਥੇ ਬੰਦ ਹੈ ਕੋਲੋਂ ਵੀਵੋ ਕੰਪਨੀ ਦਾ ਸਮਾਰਟ ਫੋਨ ਬਰਾਮਦ ਹੋਇਆ ਹੈ। ਜਦੋਂਕਿ ਸਹਾਇਕ ਸੁਪਰਡੈਂਟ ਸੁਸ਼ੀਲ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਵਾਰਡ ਨੰਬਰ 1 ਦੀ ਬੈਰਕ ਨੰਬਰ 5 ਦੀ ਤਲਾਸ਼ੀ ਦੌਰਾਨ ਦੋ ਕੀਪੈਡ ਵਾਲੇ ਫੋਨ, ਦੋ ਚਾਰਜਰ, ਤਿੰਨ ਡਾਟਾ ਕੇਬਲਾਂ ਲਾਵਾਰਿਸ ਹਾਲਤ ਵਿਚ ਬਰਾਮਦ ਕੀਤੀਆਂ ਅਤੇ ਵਾਰਡ ਨੰਬਰ 7 ਦੀ ਬੈਰਕ ਨੰਬਰ ਇਕ ਵਿਚ ਕੀਤੀ ਤਲਾਸ਼ੀ ਦੌਰਾਨ ਵੀ 1 ਟੱਚ ਸਕਰੀਨ ਫੋਨ, 2 ਕੀਪੈਡ ਵਾਲੇ ਫੋਨ, 8 ਤੰਬਾਕੂ ਦੀਆਂ ਪੁੜੀਆਂ, 4 ਬੀੜੀਆਂ ਦੇ ਬੰਡਲ ਅਤੇ ਇਕ ਹੀਟਰ ਦਾ ਸਪਰਿੰਗ ਬਰਾਮਦ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੇਸ਼ਵ ਸਿੱਧੂ ਮੂਸੇਵਾਲਾ ਕਤਲ ਕੇਸ ਨਾਲ ਸਬੰਧਤ ਹੈ ਅਤੇ 26 ਫਰਵਰੀ 2023 ਨੂੰ ਜੇਲ੍ਹ ਵਿਚ ਹੋਈ ਗੈਂਗਵਾਰ ਦੌਰਾਨ ਕੇਸ਼ਵ ਜਖਮੀ ਵੀ ਹੋਇਆ ਸੀ। ਜਦੋਂਕਿ ਇਸ ਝੜੱਪ ਦੌਰਾਨ ਦੋ ਗੈਂਗਸਟਰਾਂ ਦੀ ਮੌਤ ਵੀ ਹੋ ਗਈ ਸੀ। ਇੰਨਾ ਹੀ 5 ਮਾਰਚ ਨੂੰ ਜੇਲ੍ਹ ਵਿਚ ਹੋਈ ਗੈਂਗਵਾਰ ਵੇਲੇ ਬਣਾਈ ਗਈ ਇਕ ਵੀਡੀਓ ਵੀ ਵਾਇਰਲ ਹੁੰਦੀ ਹੈ। ਜਿਸ ਦੀ ਗਾਜ ਜੇਲ੍ਹ ਅਧਿਕਾਰੀਆਂ ‘ਤੇ ਵੀ ਡਿੱਗੀ ਸੀ।
ਜੇਲ੍ਹ ‘ਚ ਖੁੱਲ੍ਹ ਕੇ ਹੁੰਦੀ ਹੈ ਫੋਨਾਂ ਦੀ ਵਰਤੋਂ
ਸ੍ਰੀ ਗੋਇੰਦਵਾਲ ਸਾਹਿਬ ਦੀ ਜੇਲ੍ਹ ‘ਚ ਮੋਬਾਈਲ ਫੋਨਾਂ ਦੀ ਵਰਤੋਂ ਆਮ ਹੁੰਦੀ ਹੈ। ਆਏ ਦਿਨ ਉਥੋਂ ਮੋਬਾਈਲ ਬਰਾਮਦ ਹੁੰਦੇ ਆ ਰਹੇ ਹਨ। ਇੰਨਾ ਹੀ ਨਹੀਂ ਸਿੱਧੂ ਮੂਸੇਵਾਲਾ ਕਤਲ ‘ਚ ਇਥੇ ਬੰਦ ਗੈਂਗਸਟਰਾਂ ਦੀਪਕ ਟੀਨੂੰ, ਪ੍ਰਰੀਆਵਰਤ ਫੌਜੀ, ਕਸ਼ਿਸ਼, ਅੰਕਿਤ ਲਾਟੀ, ਕੇਸ਼ਵ ਕੁਮਾਰ, ਸਚਿਨ ਭਿਵਾਨੀ ਕੋਲੋਂ 12 ਸਤੰਬਰ 2022 ਨੂੰ ਚੈਕਿੰਗ ਦੌਰਾਨ ਮੋਬਾਈਲ ਫੋਨ ਬਰਾਮਦ ਕੀਤੇ ਗਏ ਸੀ। ਬਾਅਦ ‘ਚ ਦੀਪਕ ਟੀਨੂੰ ਮਾਨਸਾ ਪੁਲਿਸ ਦੀ ਹਿਰਾਸਤ ਵਿੱਚੋਂ ਫਰਾਰ ਹੋਇਆ ਅਤੇ ਸ਼ੱਕ ਜਾਹਿਰ ਕੀਤਾ ਗਿਆ ਕਿ ਟੀਨੂੰ ਨੇ ਸਾਰੀ ਸਾਜਿਸ਼ ਸ੍ਰੀ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿਚ ਹੀ ਰਚੀ ਸੀ।






