ਭਾਰਤ-ਪਾਕਿਸਤਾਨ ਸਰਹੱਦ ਨੇੜੇ ਕੰਡਿਆਲੀ ਤਾਰ ਤੋਂ ਕੁਝ ਦੂਰੀ ’ਤੇ ਸਥਿਤ ਪਿੰਡ ਰਾਣੀਆਂ ’ਚ ਥਾਣਾ ਲੋਪੋਕੇ ਦੀ ਪੁਲਿਸ ਨੇ ਪੰਜ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ, ਜਦ ਕਿ ਇਕ ਕਿਸਾਨ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਮੁਲਜ਼ਮ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਡੀਐੱਸਪੀ ਜੀਪੀਐੱਸ ਨਾਗਰਾ ਨੇ ਦੱਸਿਆ ਕਿ ਜਲਦੀ ਹੀ ਗਿਰੋਹ ਦੇ ਸਾਰੇ ਮੈਂਬਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਦੂਜੇ ਪਾਸੇ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਜਗਦੀਪ ਸਿੰਘ ਉਰਫ ਹੀਰਾ ਵਾਸੀ ਪਿੰਡ ਰਾਣੀਆ ਵਜੋਂ ਹੋਈ ਹੈ। ਇਹ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਆਪਣੇ ਗਿਰੋਹ ਦੇ ਅੱਧੀ ਦਰਜਨ ਮੈਂਬਰਾਂ ਨਾਲ ਮਿਲ ਕੇ ਪਾਕਿਸਤਾਨ ਤੋਂ ਆਉਂਦੀ ਹੈਰੋਇਨ ਦੀ ਖੇਪਾਂ ਨੂੰ ਟਿਕਾਣੇ ਲਗਾਉਣ ਦਾ ਧੰਦਾ ਕਰ ਰਿਹਾ ਹੈ।
ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਆਈਐੱਸਆਈ ਦੀਆਂ ਹਦਾਇਤਾਂ ’ਤੇ ਪਾਕਿਸਤਾਨੀ ਸਮੱਗਲਰਾਂ ਨੇ ਇੱਕ ਵੱਡੇ ਡਰੋਨ ਰਾਹੀਂ ਪਿੰਡ ਰਾਣੀਆ ਦੇ ਖੇਤਾਂ ਵਿਚ ਪੰਜ ਕਿੱਲੋ ਹੈਰੋਇਨ ਦੀ ਖੇਪ ਸੁੱਟੀ ਹੈ। ਇਹ ਜ਼ਮੀਨ ਕੁਝ ਸਮਾਂ ਪਹਿਲਾਂ ਕਿਸੇ ਨੇ ਠੇਕੇ ’ਤੇ ਲਈ ਸੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜਗਦੀਪ ਸਿੰਘ ਉਰਫ਼ ਹੀਰਾ ਵਾਸੀ ਪਿੰਡ ਕੱਕੜ ਕਲਾਂ ਅਤੇ ਹਾਲ ਵਾਸੀ ਪਿੰਡ ਰਾਣੀਆਂ ਆਪਣੇ ਟਰੈਕਟਰ ’ਤੇ ਖੇਪ ਨੂੰ ਟਿਕਾਣੇ ਲਗਾਉਣ ਲਈ ਜਾ ਰਿਹਾ ਸੀ। ਇਸ ਅਧਾਰ ’ਤੇ ਪੁਲਿਸ ਪਾਰਟੀ ਨੇ ਪਹਿਲਾਂ ਹੀ ਖੇਪ ’ਚੋਂ 5 ਕਿੱਲੋ ਹੈਰੋਇਨ ਬਰਾਮਦ ਕੀਤੀ। ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਹੀਰਾ ਸਿੰਘ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।
800 ਗ੍ਰਾਮ ਹੈਰੋਇਨ ਅਤੇ ਪਿਸਤੌਲ ਬਰਾਮਦ
ਦੂਜੇ ਪਾਸੇ ਥਾਣਾ ਘਰਿੰਡਾ ਦੀ ਪੁਲਿਸ ਨੇ ਪਿੰਡ ਲਾਹੌਰੀਮੱਲ ਦੇ ਰਹਿਣ ਵਾਲੇ ਲੱਲੂ ਸੁਨਿਆਰਾ ਨੂੰ ਇਲਾਕੇ ’ਚ ਹੈਰੋਇਨ ਦੀ ਤਸਕਰੀ ਦਾ ਧੰਦਾ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ ਅੱਠ ਸੌ ਗ੍ਰਾਮ ਹੈਰੋਇਨ, ਪਿਸਤੌਲ ਅਤੇ ਦੋ ਕਾਰਤੂਸ ਬਰਾਮਦ ਕੀਤੇ ਗਏ ਹਨ। ਮੁਲਜ਼ਮ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਹ ਸਰਹੱਦੀ ਪਿੰਡ ਘਰਿੰਡਾ ਵਿਚ ਹੈਰੋਇਨ ਸਪਲਾਈ ਕਰਨ ਦਾ ਧੰਦਾ ਕਰਦਾ ਹੈ। ਪੁਲਿਸ ਮੁਲਜ਼ਮਾਂ ਦੇ ਸੰਪਰਕਾਂ ਦੀ ਜਾਂਚ ਵਿੱਚ ਜੁਟੀ ਹੈ। ਇਹ ਗੱਲ ਸਾਹਮਣੇ ਆਈ ਹੈ ਕਿ ਲੱਲੂ ਸੁਨਿਆਰਾ ਦੇ ਸਰਹੱਦੀ ਪਿੰਡਾਂ ’ਚ ਰਹਿਣ ਵਾਲੇ ਨਾਮੀ ਸਮੱਗਲਰਾਂ ਨਾਲ ਸਬੰਧ ਹਨ ਅਤੇ ਉਹ ਕਈ ਵੱਡੀਆਂ ਖੇਪਾਂ ਨੂੰ ਛੋਟੇ-ਛੋਟੇ ਹਿੱਸਿਆਂ ’ਚ ਵੇਚ ਚੁੱਕਾ ਹੈ।






