ਚੰਡੀਗੜ੍ਹ : ਸੈਕਟਰ-15 ਸਥਿਤ ਲਾਲਾ ਲਾਜਪਤ ਰਾਏ ਭਵਨ ਵਿੱਚ ਕੰਮ ਕਰਨ ਵਾਲਾ ਇੱਕ ਵਿਅਕਤੀ ਕਮਰੇ ਦੇ ਹੀਟਰ ਨੂੰ ਲੱਗੀ ਅੱਗ ਕਾਰਨ ਬੁਰੀ ਤਰ੍ਹਾਂ ਝੁਲਸ ਗਿਆ। ਉਸ ਨੂੰ ਇਲਾਜ ਲਈ ਸੈਕਟਰ-16 ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ ’ਚ ਰੱਖਵਾਇਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।
ਪੰਚਕੂਲਾ ਦੇ ਹਰੀਪੁਰ ਦਾ ਰਹਿਣ ਵਾਲਾ ਸੁਰਿੰਦਰ ਕੁਮਾਰ 25 ਸਾਲਾਂ ਤੋਂ ਸੈਕਟਰ-15 ਦੇ ਲਾਲਾ ਲਾਜਪਤ ਰਾਏ ਭਵਨ ਵਿੱਚ ਚੌਕੀਦਾਰ ਅਤੇ ਚਪੜਾਸੀ ਦਾ ਕੰਮ ਕਰਦਾ ਸੀ। ਉਹ ਰਾਤ ਨੂੰ ਉੱਥੇ ਇੱਕ ਕਮਰੇ ਵਿੱਚ ਰਹਿੰਦਾ ਸੀ। ਰਾਤ ਨੂੰ ਠੰਡ ਤੋਂ ਬਚਣ ਲਈ ਉਸਨੇ ਕਮਰੇ ਦਾ ਹੀਟਰ ਆਨ ਕਰ ਦਿੱਤਾ ਸੀ। ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜਦੋਂ ਅਲ ਸਵੇਰੇ ਉੱਠਿਆ ਅਤੇ ਕਮਰੇ ਦੇ ਹੀਟਰ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਬਿਜਲੀ ਦਾ ਕਰੰਟ ਲੱਗ ਗਿਆ ਅਤੇ ਉਸ ਦੇ ਕੱਪੜਿਆਂ ਨੂੰ ਅੱਗ ਲੱਗ ਗਈ। ਇਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਿਆ। ਸੂਚਨਾ ਮਿਲਣ ’ਤੇ ਉਸ ਦੇ ਸਾਥੀ ਉਸ ਨੂੰ ਇਲਾਜ ਲਈ ਸੈਕਟਰ-16 ਹਸਪਤਾਲ ਲੈ ਗਏ। ਸੈਕਟਰ-15 ਦੀ ਇਸ ਇਮਾਰਤ ਵਿੱਚ ਜ਼ਿਆਦਾਤਰ ਉਹ ਲੋਕ ਰਹਿੰਦੇ ਹਨ, ਜੋ ਦੂਜੇ ਰਾਜਾਂ ਤੋਂ ਪੀਜੀਆਈ ਵਿੱਚ ਇਲਾਜ ਲਈ ਆਉਂਦੇ ਹਨ ਅਤੇ ਜਿਨ੍ਹਾਂ ਨੂੰ ਇੱਥੇ ਲੰਬਾ ਸਮਾਂ ਰਹਿਣਾ ਪੈਂਦਾ ਹੈ।






