ਖੁੰਖਾਰ ਅਵਾਰਾ ਕੁੱਤਿਆਂ ਦੇ ਘੁੰਮ ਰਹੇ ਪਿੰਡਾਂ ਤੇ ਸ਼ਹਿਰ ਵਿਚ ਝੁੰਡਾਂ ਨੇ ਦਹਿਸ਼ਤ ਪਾਈ ਹੋਈ ਹੈ ਅਤੇ ਪਸ਼ੂਆਂ ਤੇ ਵਿਅਕਤੀਆਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਪਿਛਲੇ ਦਿਨੀ ਸੁੱਖੇ ਮਾਜਰਾ ਗਊਸ਼ਾਲਾ ਵਿਖੇ ਇਕ ਦਰਜ਼ਨ ਤੋਂ ਵੱਧ ਗਊਆਂ ਨੂੰ ਅਵਾਰਾ ਕੁੱਤਿਆਂ ਨੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ ਸੀ. ਹੁਣ ਨੇੜਲੇ ਪਿੰਡ ਖਾਬੜਾ ਵਿਖੇ ਇੱਕ ਕੱਟਾ, ਇੱਕ ਕੱਟੀ ਤੇ ਵੱਛੇ ਨੂੰ ਆਪਣਾ ਸ਼ਿਕਾਰ ਬਣਾ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਨੂੰ ਲੈ ਕੇ ਪਿੰਡ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਇਹ ਕੁੱਤੇ ਕਿਸੇ ਵਿਅਕਤੀ ਤੇ ਛੋਟੇ ਬੱਚੇ ਨੂੰ ਵੀ ਆਪਣਾ ਸ਼ਿਕਾਰ ਬਣਾ ਸਕਦੇ ਹਨ। ਪਿੰਡ ਦੇ ਲੰਬੜਦਾਰ ਗੁਰਪਾਲ ਸਿੰਘ ਨੇ ਦੱਸਿਆ ਕਿ ਸਾਬਕਾ ਪੰਚ ਅਵਤਾਰ ਸਿੰਘਦੇ ਘਰ ਕੋਈ ਨਹੀਂ ਸੀ ਤਾਂ ਘਰ ਵਿਚ ਬੰਨ੍ਹੇ ਕੱਟੇ ਨੂੰ ਚਾਰਦੀਵਾਰੀ ਦੀ ਕੰਧ ਟੱਪ ਕੇ ਇਨ੍ਹਾਂ ਕੁੱਤਿਆਂ ਦੇ ਝੁੰਡ ਨੇ ਏਨਾ ਬੁਰੀ ਤਰ੍ਹਾਂ ਨੋਚਿਆ ਕਿ ਜਾਨੋਂ ਮਾਰ ਦਿੱਤਾ। ਗੁਰਪਾਲ ਸਿੰਘ ਨੇ ਦੱਸਿਆ ਕਿ ਖੁਦ ਉਸਦੇ ਘਰੇ ਬੰਨ੍ਹੇ ਇਕ ਕੱਟੀ ਤੇ ਵੱੱਛੇ ਨੂੰ ਕੁੱਤਿਆਂ ਨੇ ਇਸੇ ਕਦਰ ਨੋਚਿਆ ਕਿ ਦੋਵੇਂ ਜਾਨੋਂ ਮਾਰ ਦਿੱਤੇ। ਉਨ੍ਹਾਂ ਦੱਸਿਆ ਕਿ ਅਸੀਂ ਸਾਰਾ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਗੁਰਦੁਆਰਾ ਬਾਬਾ ਹਸਤਲਾਲ ਜੀ ਵਿਖੇ ਨਤਮਸਤਕ ਹੋਣ ਗਏ ਸਨ, ਘਰ ਕੋਈ ਨਹੀਂ ਸੀ। ਪਿੰਡ ਦੇ ਸਰਪੰਚ ਅਮਿ੍ਤਪਾਲ ਸਿੰਘ ਰਿੰਕੂ, ਲੰਬੜਦਾਰ ਗੁਰਪਾਲ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਨੇਕ ਸਿੰਘ, ਮਨਜੀਤ ਸਿੰਘ, ਅਵਤਾਰ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇਨ੍ਹਾਂ ਆਵਾਰਾ ਕੁੱਤਿਆਂ ਨੂੰ ਕਾਬੂ ਕੀਤਾ ਜਾਵੇ, ਤਾਂ ਕਿ ਹੋਰ ਜਾਨੀ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ।






