ਐੱਸਟੀਐੱਫ ਲੁਧਿਆਣਾ ਦੀ ਟੀਮ ਨੇ ਕਰੋੜਾਂ ਦੀ ਹੈਰੋਇਨ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਇਕ ਖੇਤ ’ਚ ਬਣੇ ਕਮਰੇ ’ਚੋਂ ਕਾਬੂ ਕੀਤਾ।
ਐੱਸਟੀਐੱਫ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਮੁਖ਼ਬਰ ਤੋਂ ਇਤਲਾਹ ਮਿਲੀ ਸੀ ਕਿ ਦਵਿੰਦਰ ਸਿੰਘ ਤੇ ਧਰਮਿੰਦਰ ਸਿੰਘ ਵਾਸੀ ਪਿੰਡ ਸਿੰਘਪੁਰਾ (ਜ਼ਿਲ੍ਹਾ ਮੋਗਾ) ਤੇ ਇਕਬਾਲ ਸਿੰਘ ਵਾਸੀ ਪਿੰਡ ਖੋਸਾ (ਜ਼ਿਲ੍ਹਾ ਮੋਗਾ) ਬੱਬੂ ਸਿੰਘ ਦੇ ਖੇਤ ਵਿਚਲੀ ਮੋਟਰ ’ਤੇ ਬੈਠ ਕੇ ਗਾਹਕਾਂ ਨੂੰ ਹੈਰੋਇਨ ਵੇਚਦੇ ਹਨ। ਪੁਲਿਸ ਨੇ ਬੱਬੂ ਸਿੰਘ ਦੇ ਖੇਤ ’ਚ ਬਣੇ ਮੋਟਰ ਵਾਲੇ ਕਮਰੇ ’ਚੋਂ ਉਪਰੋਕਤ ਤਿੰਨਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਦਵਿੰਦਰ ਸਿੰਘ ਕੋਲੋਂ 515 ਗ੍ਰਾਮ ਹੈਰੋਇਨ, ਇਲੈਕਟ੍ਰੋਨਿਕ ਕੰਡਾ ਤੇ 20 ਪਾਰਦਰਸ਼ੀ ਪਾਊਚ, ਧਰਮਿੰਦਰ ਸਿੰਘ ਕੋਲੋਂ 290 ਗ੍ਰਾਮ ਹੈਰੋਇਨ ਅਤੇ ਇਕਬਾਲ ਸਿੰਘ ਕੋਲੋਂ ਲੋਡਡ ਪਿਸਤੌਲ 32 ਬੋਰ ਸਮੇਤ 2 ਕਾਰਤੂਸ ਅਤੇ 265 ਗ੍ਰਾਮ ਹੈਰੋਇਨ ਤੋਂ ਇਲਾਵਾ ਮੋਟਰਸਾਈਕਲ ਬਰਾਮਦ ਹੋਇਆ।
ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਦਵਿੰਦਰ ਸਿੰਘ ਕਰਿਆਨੇ ਦੀ ਦੁਕਾਨ ਕਰਦਾ ਹੈ ਜਦਕਿ ਧਰਮਿੰਦਰ ਸਿੰਘ ਤੇ ਦਵਿੰਦਰ ਸਿੰਘ ਉਸ ਦੇ ਨਾਲ ਕੰਮ ਕਰਦੇ ਹਨ। ਤਿੰਨਾਂ ਨੇ ਮੰਨਿਆ ਕਿ ਉਹ ਦੋ ਸਾਲਾਂ ਤੋਂ ਹੈਰੋਇਨ ਵੇਚਣ ਦਾ ਧੰਦਾ ਕਰਦੇ ਆ ਰਹੇ ਹਨ। ਪੁਲਿਸ ਨੇ ਤਿੰਨਾਂ ਨੂੰ ਅਦਾਲਤ ’ਚ ਪੇਸ਼ ਕੀਤਾ ਜਿੱਥੋਂ ਉਨ੍ਹਾਂ ਦਾ 3 ਦਿਨ ਦਾ ਰਿਮਾਂਡ ਹਾਸਲ ਹੋਇਆ ਹੈ।






