ਤਰਨਤਾਰਨ ‘ਚ ਮੰਗਲਵਾਰ ਸਵੇਰੇ ਇਕ ਮਨੀ ਐਕਸਚੇਂਜਰ ਕੋਲੋਂ ਪਿਸਤੌਲ ਦੀ ਨੋਕ ‘ਤੇ ਦੋ ਨਕਾਬਪੋਸ਼ ਲੁਟੇਰਿਆਂ ਨੇ ਸੱਤ ਲੱਖ ਦੀ ਨਕਦੀ ਲੁੱਟ ਲਈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸਵੇਰੇ ਸਾਢੇ 9 ਵਜੇ ਉਸ ਵੇਲੇ ਵਾਪਰੀ ਜਦੋਂ ਉਹ ਘਰੋਂ ਸੱਤ ਲੱਖ ਰੁਪਏ ਲੈ ਕੇ ਆਇਆ ਅਤੇ ਆਪਣੀ ਦੁਕਾਨ ‘ਤੇ ਮੌਜੂਦ ਸੀ।
ਪ੍ਰਰਾਪਤ ਜਾਣਕਾਰੀ ਅਨੁਸਾਰ ਸਥਾਨਕ ਏਐੱਮ ਰਾਇਲ ਕੰਪਨੀ ਨਾਂ ਦੀ ਮਨੀ ਐਕਸਚੇਂਜਰ ਕਾਰੋਬਾਰ ਦੀ ਦੁਕਾਨ ਦੇ ਸੰਚਾਲਕ ਅੰਮਿ੍ਤਪਾਲ ਸਿੰਘ ਸਵੇਰੇ ਕਰੀਬ ਸਾਢੇ 9 ਵਜੇ ਆਪਣੀ ਦੁਕਾਨ ‘ਤੇ ਮੌਜੂਦ ਸੀ ਤਾਂ ਉਥੇ ਦੋ ਨਕਾਬਪੋਸ਼ ਲੁਟੇਰਿਆਂ ਨੇ ਗਨ ਪੁਆਇੰਟ ‘ਤੇ ਉਸ ਕੋਲੋਂ ਨਕਦੀ ਲੁੱਟ ਲਈ ਅਤੇ ਫਰਾਰ ਹੋ ਗਏ। ਅੰਮਿ੍ਤਪਾਲ ਸਿੰਘ ਮੁਤਾਬਿਕ ਉਸ ਦੇ ਬੈਗ ਵਿਚ ਸੱਤ ਲੱਖ ਰੁਪਏ ਸਨ। ਉਸ ਨੇ ਦੱਸਿਆ ਕਿ ਜਦੋਂ ਉਹ ਦੁਕਾਨ ‘ਤੇ ਆਇਆ ਤਾਂ ਦੋ ਲੋਕ ਮੋਟਰਸਾਈਕਲ ‘ਤੇ ਆਏ, ਜਿਨ੍ਹਾਂ ਨੇ ਮੂੰਹ ਬੰਨ੍ਹੇ ਸਨ ਅਤੇ ਲੋਈਆਂ ਲਈਆਂ ਸਨ। ਉਨ੍ਹਾਂ ‘ਚੋਂ ਇਕ ਨਕਾਬਪੋਸ਼ ਦੁਕਾਨ ਅੰਦਰ ਆਇਆ ਤੇ ਪਿਸਤੌਲ ਦੀ ਨੋਕ ‘ਤੇ ਉਸ ਕੋਲੋਂ ਨਕਦੀ ਖੋਹ ਲਈ, ਜਿਨਾਂ੍ਹ ਵਿਚ ਵਿਦੇਸ਼ੀ ਕਰੰਸੀ ਵੀ ਮੌਜੂਦ ਸੀ। ਲੁਟੇਰੇ ਜਾਂਦੇ ਹੋਏ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰੇ ਵੀ ਤੋੜ ਗਏ। ਉਕਤ ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪਿਛਲੇ ਕਈ ਦਿਨਾਂ ਤੋਂ ਇਲਾਕੇ ਵਿਚ ਲੁੱਟ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਦਕਿ ਸਾਬਕਾ ਕੌਂਸਲਰ ਦੇ ਘਰ ਵੱਜੇ ਡਾਕੇ ਅਤੇ ਝਬਾਲ ਦੇ ਸਰਪੰਚ ਨੂੰ ਕਤਲ ਕਰਨ ਤੋਂ ਇਲਾਵਾ ਪੈਟਰੋਲ ਪੰਪ ਮਾਲਕ ਨੂੰ ਗੋਲੀ ਮਾਰ ਕੇ ਲੁੱਟ ਕਰਨ ਵਾਲੇ ਲੁਟੇਰੇ ਵੀ ਅਜੇ ਪੁਲਿਸ ਦੇ ਹੱਥ ਨਹੀਂ ਲੱਗੇ।
ਦੂਜੇ ਪਾਸੇ ਡੀਐੱਸਪੀ ਤਰਸੇਮ ਸਮੀਹ ਨੇ ਦੱਸਿਆ ਕਿ ਅਣਪਛਾਤੇ ਲੋਕਾਂ ਖਿਲਾਫ ਥਾਣਾ ਸਿਟੀ ਤਰਨਤਾਰਨ ਵਿਖੇ ਕੇਸ ਦਰਜ ਕੀਤਾ ਗਿਆ ਹੈ, ਜਦਕਿ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੁਟੇਰਿਆਂ ਦਾ ਪਤਾ ਲਗਾਉਣ ਲਈ ਯਤਨ ਜਾਰੀ ਹਨ ਅਤੇ ਜਲਦ ਲੁਟੇਰੇ ਕਾਬੂ ਕਰ ਲਏ ਜਾਣਗੇ।






