ਸੁਲਤਾਨਪੁਰ ਲੋਧੀ ਤਹਿਸੀਲ ਦੇ ਪਿੰਡ ਨਾਨੋ ਮੱਲੀਆਂ ਵਿਚ ਲੋਹੜੀ ਤੋਂ ਇਕ ਦਿਨ ਪਹਿਲਾਂ ਸਹੁਰੇ ਘਰ ਪੁੱਜੀ ਅਮਰੀਕੀ ਨਾਗਰਿਕ ਵਿਦੇਸ਼ੀ ਔਰਤ ਦੀ ਮੌਤ ਹੋ ਗਈ। ਉਕਤ ਔਰਤ ਦੀ ਮੌਤ ਬਾਰੇ ਪਤਾ ਲੱਗਣ ਦੇ ਬਾਅਦ ਸੁਲਤਾਨਪੁਰ ਲੋਧੀ ਥਾਣੇ ਤਹਿਤ ਆਉਂਦੀ ਚੌਂਕੀ ਮੋਠਾਂਵਾਲਾ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ’ਚੋਂ ਪੋਸਟਮਾਰਟਮ ਕਰਵਾ ਕੇ ਧਾਰਾ 174 ਤਹਿਤ ਕਾਰਵਾਈ ਕਰ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।
ਚੌਂਕੀ ਮੋਠਾਂਵਾਲਾ ਦੇ ਇੰਚਾਰਜ ਏਐੱਸਆਈ ਦਵਿੰਦਰ ਪਾਲ ਨੇ ਦੱਸਿਆ ਕਿ 30 ਸਾਲਾ ਰਾਜਬੀਰ ਕੌਰ ਦਾ ਅੱਠ ਸਾਲ ਪਹਿਲਾਂ ਵਿਆਹ ਹੋਇਆ ਸੀ। 12 ਜਨਵਰੀ ਨੂੰ ਉਹ ਆਪਣੇ ਪੰਜ ਸਾਲਾ ਪੁੱਤਰ ਨਾਲ ਸਹੁਰੇ ਘਰ ਪਿੰਡ ਨਾਨੋ ਮੱਲੀਆਂ ਵਿਚ ਆਪਣੇ ਸੱਲ-ਸਹੁਰੇ ਕੋਲ ਆਈ ਸੀ। ਪਰਿਵਾਰ ਵਾਲਿਆਂ ਨੇ ਦੱਸਿਆ ਕਿ 19 ਜਨਵਰੀ ਨੂੰ ਰਾਜਬੀਰ ਰਾਤ ਨੂੰ ਸੁੱਤੀ ਪਰ ਅਗਲੇ ਦਿਨ 20 ਜਨਵਰੀ ਨੂੰ ਸਵੇਰੇ ਜਦੋਂ ਉਸ ਦੇ ਸੱਸ-ਸਹੁਰੇ ਨੇ ਗੁਰਦੁਆਰਾ ਸਾਹਿਬ ਜਾਣ ਲਈ ਉਠਾਇਆ ਤਾਂ ਉਸ ਨੂੰ ਦਰਵਾਜ਼ਾ ਨਹੀਂ ਖੋਲ੍ਹਿਆ। ਜਦੋਂ ਉਨ੍ਹਾਂ ਜਾ ਕੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਫਿਰ ਗੁਆਂਢੀਆਂ ਨੂੰ ਬੁਲਾਇਆ ਤੇ ਉਸ ਦੇ ਪੇਕੇ ਵਾਲਿਆਂ ਨੂੰ ਜਾਣਕਾਰੀ ਦਿੱਤੀ। ਰਾਜਬੀਰ ਦੇ ਭਾਰਤ ’ਚ ਰਹਿਣ ਵਾਲੇ ਕੁਝ ਰਿਸ਼ਤੇਦਾਰ ਵੀ ਆਏ। ਰਾਜਬੀਰ ਦਾ ਪਤੀ ਅਮਰੀਕਾ ਵਿਚ ਹਾਲੇ ਕੱਚਾ ਹੈ, ਇਸ ਲਈ ਉਹ ਨਾਲ ਨਹੀਂ ਆਇਆ ਜਦਕਿ ਔਰਤ ਉਥੋਂ ਦੀ ਨਾਗਰਿਕ ਹੈ। ਦੱਸਿਆ ਜਾ ਰਿਹਾ ਹੈ ਕਿ ਮਿ੍ਰਤਕਾ ਦੇ ਮਾਤਾ-ਪਿਤਾ ਵੀ ਵਿਦੇਸ਼ ਤੋਂ ਆ ਰਹੇ ਹਨ। ਪੋਰਟ ਮਾਰਟਮ ਦੀ ਰਿਪੋਰਟ ਦੇ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਜਾਂਚ ਦੌਰਾਨ ਸਾਰੇ ਪਹਿਲੂਆਂ ਨੂੰ ਧਿਆਨ ਵਿਚ ਰੱਖਿਆ ਜਾਵੇਗਾ।






