ਗਣਤੰਤਰ ਦਿਵਸ ਮੌਕੇ ਮਹਾਨਗਰ ‘ਚ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਕੌਮੀ ਝੰਡਾ ਲਹਿਰਾਇਆ ਤੇ ਪੰਜਾਬ ਵਾਸੀਆਂ ਲਈ ਸੰਦੇਸ਼ ਦਿੱਤਾ। ਇਸ ਮੌਕੇ ਭਗਵੰਤ ਮਾਨ ਨੇ ਦੱਸਿਆ ਕਿ ਸੂਬੇ ਦੀ ਤਰੱਕੀ ਲਈ ਆਉਣ ਵਾਲੇ ਸਮੇਂ ‘ਚ ਮਹੱਤਵਪੂਰਨ ਸਕੀਮਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਭਗਵੰਤ ਮਾਨ ਨੇ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਭਵਿੱਖ ਦੇ ਸੁਪਨਿਆਂ ਤੋਂ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਪੰਜਾਬ ਦੇ ਸਰਬ ਪੱਖੇ ਵਿਕਾਸ ਲਈ ਹਰ ਵਿਭਾਗ ਵੱਲੋਂ ਉਸਾਰੋ ਨੀਤੀਆਂ ਦਾ ਨਿਰਮਾਣ ਕਰਕੇ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਰੋਸ ਜਤਾਇਆ ਕਿ ਇਸ ਵਾਰ ਦਿੱਲੀ ਵਿੱਚ ਕੌਮੀ ਸਮਾਗਮ ਦੌਰਾਨ ਪੰਜਾਬ ਦੀਆਂ ਝਾਕੀਆਂ ਪੇਸ਼ ਨਾ ਕਰਨਾ ਮੰਦਭਾਗਾ ਹੈ। ਉਨ੍ਹਾਂ ਸਮਾਗਮ ਦੌਰਾਨ ਪੰਜਾਬ ਦੀਆਂ ਝਾਂਕੀਆਂ ਨਾ ਪੇਸ਼ ਕਰਨ ਦਾ ਜਵਾਬ ਵੀ ਮੰਗਿਆ। ਭਗਵੰਤ ਮਾਨ ਦੀ ਆਮਦ ਤੋਂ ਪਹਿਲਾਂ ਸੂਬਾ ਸਰਕਾਰ ਦੀਆਂ ਨੀਤੀਆਂ ਤੋਂ ਨਾਰਾਜ਼ ਕੁਝ ਜਥੇਬੰਦੀਆਂ ਨੇ ਵਿਰੋਧ ਜਤਾਉਣ ਲਈ ਨਾਰੇਬਾਜ਼ੀ ਵੀ ਕੀਤੀ।
ਪੰਜਾਬ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਉਹ ਇੱਕ ਵਾਰ ਫਿਰ ਪਿਤਾ ਬਣਨ ਵਾਲੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਤਨੀ ਸੱਤ ਮਹੀਨਿਆਂ ਦੀ ਗਰਭਵਤੀ ਹੈ ਤੇ ਮਾਰਚ ਮਹੀਨੇ ਪੰਜਾਬ ਵਾਸੀਆਂ ਨੂੰ ਖੁਸ਼ਖਬਰੀ ਸੁਣਾਉਣਗੇ।

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਅਗਨੀ ਵੀਰਾਂ ਨੂੰ ਸ਼ਰਧਾਂਜਲੀ ਦਿੰਦੇ ਕਿਹਾ ਕਿ ਪੰਜਾਬੀਆਂ ਦੀਆਂ ਅਣਗਿਣਤ ਕੁਰਬਾਨੀਆਂ ਸਦਕਾ ਹੀ ਦੇਸ਼ ਆਜ਼ਾਦੀ ਦਾ ਨਿੱਘ ਮਾਣ ਰਿਹਾ ਹੈ। ਇਸ ਲਈ ਸ਼ਹੀਦਾਂ ਦਾ ਸਤਿਕਾਰ ਕਰਨਾ ਹਰ ਪੰਜਾਬੀ ਅਤੇ ਦੇਸ਼ ਵਾਸੀ ਦਾ ਪਹਿਲਾ ਫਰਜ਼ ਬਣਦਾ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੇ ਵਿੱਤੀ ਵਿਕਾਸ ਲਈ ਵੱਡੇ ਵਪਾਰਕ ਅਦਾਰੇ ਪੰਜਾਬ ‘ਚ ਲਿਆਂਦੇ ਜਾ ਰਹੇ ਹਨ ਤੇ ਪੰਜਾਬ ‘ਚ ਵੱਡੀਆਂ ਸਨਅਤਾਂ ਸਥਾਪਿਤ ਕਰਨ ਲਈ ਸੂਬਾ ਸਰਕਾਰ ਵੱਲੋਂ ਸਰਲ ਨੀਤੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਹੁਣ ਮੁਹੱਲਾ ਕਲੀਨਿਕਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਹਰ ਸੂਬਾ ਵਾਸੀ ਨੂੰ ਮੁਹੱਲਾ ਕਲੀਨਿਕ ਨਾਲ ਜੋੜਨ ਲਈ ਅਥੱਕ ਕੋਸ਼ਿਸ਼ਾਂ ਜਾਰੀ ਹਨ। ਸਕੂਲ ਆਫ ਐਮੀਨੈਂਸ ਤੇ ਹੋਰ ਕਈ ਰਾਹ ਖੋਲ੍ਹ ਕੇ ਆਮ ਲੋਕਾਂ ਦੇ ਜੀਵਨ ਨੂੰ ਸਰਲ ਬਣਾਉਣ ਲਈ ਸੂਬਾ ਸਰਕਾਰ ਵਚਨਬੱਧ ਹੈ।






