ਸ਼ਹਿਰ ’ਚ ਨਸ਼ਾ ਤਸਕਰੀ ’ਤੇ ਪੁਲਿਸ ਸ਼ਿਕੰਜਾ ਕੱਸਣ ’ਚ ਨਾਕਾਮਯਾਬ ਸਾਬਤ ਹੋ ਰਹੀ ਹੈ। ਵਾਰ-ਵਾਰ ਇਕ ਹੀ ਖੇਤਰ ਤੇ ਇਕ ਹੀ ਪਾਰਕ ’ਚੋਂ ਸ਼ਰੇਆਮ ਨਸ਼ਾ ਕਰਨ ਦੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਹਾਲਾਤ ਇਹ ਹਨ ਕਿ ਨਸ਼ੇੜੀ ਸ਼ਰੇਆਮ ਸ਼ਹਿਰ ਦੀਆਂ ਸੜਕਾਂ ’ਤੇ ਨਸ਼ੇ ਦਾ ਸੇਵਨ ਕਰ ਰਹੇ ਹਨ ਤੇ ਉਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ। ਸ਼ੁੱਕਰਵਾਰ ਦੇਰ ਸ਼ਾਮ ਇਕ ਨੌਜਵਾਨ ਨਿਊ ਕੁੰਦਨਪੁਰੀ ਖੇਤਰ ’ਚ ਸੜਕ ’ਤੇ ਆਟੋ ਖੜ੍ਹਾ ਕਰ ਕੇ ਨਸ਼ੇ ਦਾ ਸੇਵਨ ਕਰਦਾ ਦਿਖਾਈ ਦਿੱਤਾ। ਸਮਾਜ ਸੇਵੀ ਵੱਲੋਂ ਇਸ ਦੀ ਵੀਡੀਓ ਬਣਾ ਲਈ ਗਈ। ਇਹ ਪਹਿਲੀ ਵਾਰ ਨਹੀਂ ਹੈ ਕਿ ਇਸ ਖੇਤਰ ’ਚ ਨਸ਼ਾ ਕਰਨ ਦਾ ਅਜਿਹਾ ਮਾਮਲਾ ਸਾਹਮਣੇ ਆਇਆ ਹੋਵੇ। ਕਈ ਵਾਰ ਪੁਲਿਸ ਮੁਲਾਜ਼ਮਾਂ ਨੂੰ ਨਸ਼ਾ ਕਰਦੇ ਨੌਜਵਾਨ ਫੜਾਏ ਜਾਣ ਦੇ ਬਾਵਜੂਦ ਇਸ ਖੇਤਰ ’ਚ ਨਸ਼ੇ ਦੀ ਤਸਕਰੀ ਨਹੀਂ ਰੁਕ ਰਹੀ ਹੈ।
ਨਿਊ ਕੁੰਦਨਪੁਰੀ ’ਚ ਇਕ ਨੌਜਵਾਨ ਜਦ ਸ਼ਰੇਆਮ ਟੀਕਾ ਲਗਾ ਰਿਹਾ ਸੀ ਤਾਂ ਉਥੇ ਮੈਡੀਕਲ ਸ਼ਾਪ ਚਲਾਉਣ ਵਾਲੇ ਹਰੀਸ਼ ਛਾਬੜਾ ਨੂੰ ਜਦ ਇਸ ਸਬੰਧੀ ਪਤਾ ਲੱਗਾ ਤਾਂ ਉਹ ਵੀਡੀਓ ਬਣਾਉਂਦੇ ਹੋਏ ਆਟੋ ਕੋਲ ਪੁੱਜੇ। ਆਟੋ ਚਾਲਕ ਕੋਲੋਂ ਜਦ ਪੁੱਛਿਆ ਕਿ ਉਸ ਨੂੰ ਨਸ਼ਾ ਕਰਦੇ ਡਰ ਨਹੀਂ ਲੱਗਦਾ ਤਾਂ ਉਸ ਨੇ ਕਿਹਾ ‘ਸਵੇੇਰ ਤੋਂ ਆਟੋ ਚਲਾ ਕੇ ਜੋ ਪੈਸੇ ਇਕੱਠੇ ਹੋਏ, ਉਸ ਨਾਲ ਨਸ਼ਾ ਕਰਨ ਲੱਗਾ ਹਾਂ। ਦੁਪਹਿਰ ਤੋਂ ਤੋੜ ਲੱਗੀ ਸੀ ਤੇ ਹੁਣ ਜਾ ਕੇ ਨਸ਼ਾ ਮਿਲਿਆ ਹੈ।’ ਜਦ ਉਸ ਕੋਲੋਂ ਪੁੱਛਿਆ ਕਿ ਨਸ਼ਾ ਕਿੱਥੋਂ ਲੈ ਕੇ ਆਇਆ ਹੈ ਤਾਂ ਉਸ ਨੇ ਕਿਹਾ ‘ਇਹ ਜਿੱਥੋਂ ਮਰਜ਼ੀ ਲੈ ਲਵੋ।’
ਰੋਜ਼ਾਨਾ ਕਈ ਮਾਮਲੇ ਆਉਂਦੇ ਹਨ ਸਾਹਮਣੇ
ਦੱਸਣਯੋਗ ਹੈ ਕਿ ਇਹ ਵੀਡੀਓ ਪਹਿਲੀ ਤੇ ਆਖ਼ਰੀ ਨਹੀਂ ਹੈ। ਰੋਜ਼ਾਨਾ ਸੜਕਾਂ ’ਤੇ ਨੌਜਵਾਨ ਨਸ਼ਾ ਕਰਦੇ ਆਮ ਦੇਖੇ ਜਾ ਸਕਦੇ ਹਨ। ਕਈ ਵਾਰ ਜਦ ਅਜਿਹੇ ਨੌਜਵਾਨਾਂ ਨੂੰ ਲੋਕਾਂ ਵੱਲੋਂ ਰੋਕਿਆ ਜਾਂਦਾ ਹੈ ਤਾਂ ਉਨ੍ਹਾਂ ਵੱਲੋਂ ਵਿਰੋਧ ਕਰਦਿਆਂ ਹਮਲੇ ਦੀ ਕੋਸ਼ਿਸ ਕੀਤੀ ਜਾਂਦੀ ਹੈ। ਨਸ਼ੇੜੀ ਅਕਸਰ ਇਹ ਕਹਿੰਦੇ ਹਨ ਕਿ ਜੇਕਰ ਪੁਲਿਸ ਨਸ਼ਾ ਵਿਕਣਾ ਬੰਦ ਕਰ ਦੇਵੇ ਤਾਂ ਉਹ ਨਸ਼ਾ ਕਰਨਾ ਖ਼ੁਦ ਛੱਡ ਦੇਣਗੇ।
ਅਧਿਕਾਰੀ ਬਦਲ ਰਹੇ ਪਰ ਨਹੀਂ ਰੁਕ ਰਹੀ ਨਸ਼ੇ ਦੀ ਵਿਕਰੀ
ਸ਼ਹਿਰ ’ਚ ਨਸ਼ੇ ਦੀ ਵਿਕਰੀ ਲਗਾਤਾਰ ਜਾਰੀ ਹੈ। ਇਥੇ ਇਕ ਤੋਂ ਬਾਅਦ ਇਕ ਅਧਿਕਾਰੀ ਬਦਲ ਰਹੇ ਹਨ ਪਰ ਨਸ਼ੇ ਦੀ ਤਸਕਰੀ ਨਹੀਂ ਰੁਕ ਰਹੀ ਹੈ। ਕਾਂਗਰਸ ਵੱਲੋਂ ਨਸ਼ੇ ਦੀ ਰੋਕਥਾਮ ਕਰਨ ਦਾ ਐਲਾਨ ਕੀਤਾ ਗਿਆ ਸੀ ਤੇ ਹੁਣ ਆਮ ਆਦਮੀ ਪਾਰਟੀ ਵੀ ਇਸ ਦੀ ਰੋਕਥਾਮ ਦੀ ਗੱਲ ਕਰ ਰਹੀ ਹੈ ਪਰ ਨਸ਼ੇ ’ਤੇ ਲਗਾਮ ਨਹੀਂ ਲਗਾਈ ਜਾ ਸਕੀ ਹੈ। ਹਾਲਾਤ ਤਾਂ ਇਹ ਹਨ ਕਿ ਪਿਛਲੇ ਦੋ ਸਾਲਾਂ ’ਚ ਚਾਰ ਪੁਲਿਸ ਕਮਿਸ਼ਨਰ ਬਦਲ ਚੁਕੇ ਹਨ ਪਰ ਕੋਈ ਵੀ ਸ਼ਹਿਰ ਨੂੰ ਨਸ਼ਾ ਮੁਕਤ ਨਹੀਂ ਕਰਵਾ ਸਕਿਆ ਹੈ।
ਨਸ਼ੇ ਖ਼ਿਲਾਫ਼ ਮੁਹਿੰਮ ਲਗਾਤਾਰ ਜਾਰੀ ਹੈ। ਜੇਕਰ ਕਿਸੇ ਖੇਤਰ ’ਚ ਇਸ ਤਰ੍ਹਾਂ ਨਸ਼ਾ ਹੋ ਰਿਹਾ ਹੈ ਤਾਂ ਇਸ ’ਤੇ ਕਾਰਵਾਈ ਕੀਤੀ ਜਾਵੇਗੀ। ਵੀਡੀਓ ’ਚ ਨਸ਼ਾ ਕਰ ਰਹੇ ਨੌਜਵਾਨ ’ਤੇ ਜ਼ਰੂਰ ਐਕਸ਼ਨ ਲਿਆ ਜਾਵੇਗਾ ਤੇ ਖੇਤਰ ’ਚ ਨਸ਼ਾ ਵੇਚਣ ਵਾਲਿਆਂ ’ਤੇ ਵੀ ਕਾਰਵਾਈ ਕੀਤੀ ਜਾਵੇਗੀ।
-ਰਮਨਦੀਪ ਸਿੰਘ ਭੁੱਲਰ, ਏਡੀਸੀਪੀ-3
ਨਸ਼ੇ ਨਾਲ ਨੌਜਵਾਨ ਦੀ ਮੌਤ
ਇਆਲੀ ਕਲਾਂ ਇਲਾਕੇ ’ਚ ਇਕ ਨੌਜਵਾਨ ਦੀ ਨਸ਼ੇ ਨਾਲ ਮੌਤ ਹੋ ਗਈ। ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਹੈ। ਥਾਣਾ ਸਰਾਭਾ ਨਗਰ ਦੇ ਏਐੱਸਆਈ ਬਲਬੀਰ ਸਿੰਘ ਨੇ ਦੱਸਿਆ ਇਕ ਬਾਬਾ ਨੰਗਰ ਸਿੰਘ ਨਗਰ ਦੇ ਖਾਲੀ ਪਲਾਟ ’ਚੋਂ ਨੌਜਵਾਨ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲੀ ਸੀ। ਮੌਕੇ ’ਤੇ ਪਹੁੰਚੀ ਪੁਲਿਸ ਨੇ ਦੇਖਿਆ ਕਿ ਲਾਸ਼ ਨੇੜੇ ਸਰਿੰਜ ਪਈ ਸੀ। ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ। ਫ਼ਿਲਹਾਲ ਲਾਸ਼ ਨੂੰ ਪਛਾਣ ਲਈ ਮੋਰਚਰੀ ’ਚ ਰਖਵਾਇਆ ਹੈ।






