ਅਜਨਾਲਾ ਸ਼ਹਿਰ ਦੀ ਕਾਲੋਨੀ ਭਗਤ ਨਾਮਦੇਵ ਦੇ ਵਾਸੀ ਤੇ ਜੰਮੂ ਕਸ਼ਮੀਰ ਦੇ ਸਾਂਬਾ ਸੈਕਟਰ ’ਚ ਤਾਇਨਾਤ ਫ਼ੌਜੀ ਜਵਾਨ ਸੁਖਪ੍ਰੀਤ ਸਿੰਘ ਦੀ ਅਚਨਚੇਤ ਦਿਲ ਦਾ ਦੌਰਾ ਪੈਣ ਕਾਰਨ ਬੀਤੀ ਰਾਤ ਉਥੇ ਦੇਹਾਂਤ ਹੋ ਗਿਆ। ਕਾਬਲੇ ਗੌਰ ਹੈ ਕਿ ਫ਼ੌਜ ’ਚ ਭਰਤੀ ਹੋਣ ਪਿੱਛੋਂ ਉਹ ਪਿਛਲੇ ਪੰਜ ਸਾਲ ਤੋਂ ਜੰਮੂ ਕਸ਼ਮੀਰ ਦੇ ਸਾਂਭਾ ਸੈਕਟਰ ’ਚ ਡਿਊਟੀ ’ਤੇ ਤਾਇਨਾਤ ਸਨ ।
ਨਾਲ ਸਮਾਚਾਰ ਸਾਂਝਾ ਕਰਦਿਆਂ ਦੱਸਿਆ ਕਿ ਉਸਦਾ ਪੁੱਤਰ ਸੁਖਪ੍ਰੀਤ ਸਿੰਘ ਆਪਣੀ ਤਾਇਨਾਤੀ ਦੌਰਾਨ ਸਾਂਬਾ ਸੈਕਟਰ ’ਚ ਆਪਣੀ ਪਤਨੀ ਸਮੇਤ ਬੱਚਿਆਂ ਨਾਲ ਰਹਿ ਰਿਹਾ ਸੀ। ਜਿਸ ਨੇ ਰਾਤ ਸੱਤ ਵਜੇ ਦੇ ਕਰੀਬ ਦਿਲ ’ਚ ਕੋਈ ਅੱਚਵੀ ਜਿਹੀ ਮਹਿਸੂਸ ਕੀਤੀ ਤੇ ਇਲਾਜ ਲਈ ਉਥੇ ਹੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿੱਥੇ ਦਿਲ ਫੇਲ੍ਹ ਹੋਣ ਕਾਰਨ ਉਸਦਾ ਦੇਹਾਂਤ ਹੋ ਗਿਆ।
ਸੁਖਪ੍ਰੀਤ ਸਿੰਘ ਉਹਨਾਂ ਦਾ ਇਕਲੌਤਾ ਪੁੱਤਰ ਸੀ। ਉਹਨਾਂ ਦਾ ਤਿੰਨ ਪੀੜ੍ਹੀਆਂ ਤੋਂ ਪਰਿਵਾਰ ਫ਼ੌਜ ’ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰ ਰਿਹਾ ਹੈ। ਜਿਸ ਤੋਂ ਪ੍ਰਭਾਵਿਤ ਹੋ ਕੇ ਦੇਸ਼ ਭਗਤੀ ਦੇ ਭਾਵਨਾ ਦੇ ਮੱਦੇਨਜ਼ਰ ਉਹਨਾਂ ਦੇ ਇਸ ਇਕਲੌਤੇ ਪੁੱਤਰ ਨੇ ਵੀ ਫ਼ੌਜ ’ਚ ਭਰਤੀ ਹੋਣ ਦੇ ਕਰਤੱਵ ਨੂੰ ਪਹਿਲ ਦਿੱਤੀ। ਸੁਖਪ੍ਰੀਤ ਸਿੰਘ ਆਪਣੇ ਪੰਜ ਸਾਲ ਦੇ ਬੇਟੇ ਸਣੇ ਆਪਣੀ ਪਤਨੀ ਨੂੰ ਛੱਡ ਗਿਆ। ਉਹਨਾਂ ਦੱਸਿਆ ਕਿ ਅੱਜ ਰਾਤ ਤੱਕ ਸੁਖਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਅਜਨਾਲਾ ਵਿਖੇ ਉਹਨਾਂ ਦੀ ਰਿਹਾਇਸ਼ ’ਤੇ ਪੁੱਜ ਜਾਵੇਗੀ। ਜਿੱਥੇ ਪੋਸਟਮਾਰਟਮ ਉਪਰੰਤ ਅਜਨਾਲਾ ਸ਼ਹਿਰ ਵਿੱਚ ਅੰਤਿਮ ਸਸਕਾਰ ਕੀਤਾ ਜਾਵੇਗਾ।






