ਕੀਜ਼ ਹੋਟਲ ਨੇੜੇ ਥਰੀਕੇ ਸੂਆ ਰੋਡ ’ਤੇ ਸੋਮਵਾਰ ਦੇਰ ਰਾਤ ਰੇਸ ਲਗਾ ਰਹੀਆਂ ਦੋ ਗੱਡੀਆਂ ’ਚੋਂ ਇਕ ਨੇ ਸੜਕ ਕੰਢੇ ਬੈਠੇ ਪੰਜ ਲੋਕਾਂ ਨੂੰ ਲਪੇਟ ’ਚ ਲੈ ਲਿਆ। ਕਾਰ ਦੀ ਸਪੀਡ ਇੰਨੀ ਸੀ ਕਿ ਲੋਕਾਂ ਨੂੰ ਘਸੀਟਦੇ ਲੈ ਗਈ ਤੇ ਇਕ ਕੰਧ ’ਚ ਜਾ ਵੱਜੀ। ਕਰ ਸਵਾਰ ਲੜਕਾ-ਲੜਕੀ ਮੌਕੇ ਤੋਂ ਫ਼ਰਾਰ ਹੋ ਗਏ। ਮੌਕੇ ’ਤੇ ਪੁੱਜੇ ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਮੁਹੰਮਦ ਮੁਸਲਿਮ (70) ਨਾਮ ਦੇ ਵਿਅਕਤੀ ਦੀ ਮੌਤ ਹੋ ਗਈ, ਜਦਕਿ ਬਾਕੀ ਗੰਭੀਰ ਫੱਟੜ ਹਨ। ਜਿਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਮੌਕੇ ’ਤੇ ਮੌਜੂਦ ਰਿੰਕੂ ਨੇ ਦੱਸਿਆ ਕਿ ਉਸ ਦੀ ਫਾਸਟ ਫੂਡ ਦੀ ਦੁਕਾਨ ਹੈ। ਰਾਤ ਕਰੀਬ ਸਵਾ 9 ਵਜੇ ਉਹ ਆਪਣੀ ਦੁਕਾਨ ਦੇ ਬਾਹਰ ਖੜ੍ਹਾ ਸੀ। ਇਸ ਦੌਰਾਨ ਦੋ ਗੱਡੀਆਂ ਆਈਆਂ, ਜਿਨ੍ਹਾਂ ’ਚੋਂ ਇਕ ਵਰਨਾ ਸੀ ਤੇ ਦੂਸਰੀ ਬਲੈਨੋ। ਦੋਵੇਂ ਗੱਡੀਆਂ ਰੇਸ ਲਗਾ ਰਹੀਆਂ ਸਨ। ਕੁਝ ਦੂਰੀ ’ਤੇ ਬਲੈਨੋ ਦਾ ਸੰਤੁਲਨ ਵਿਗੜਨ ਗਿਆ ਤੇ ਪਾਨ ਦੇ ਖੋਕੇ ਦੇ ਬਾਹਰ ਅੱਗ ਸੇਕ ਰਹੇ ਪੰਜ ਲੋਕਾਂ ਨੂੰ ਉਸ ਨੇ ਲਪੇਟ ’ਚ ਲੈ ਲਿਆ। ਹਾਦਸੇ ਤੋਂ ਬਾਅਦ ਹੀ ਕਾਰ ਨਹੀਂ ਰੁਕੀ ਤੇ ਲੋਕਾਂ ਨੂੰ ਘਸੀਟਦੇ ਲੈ ਗਈ। ਕਾਰ ’ਚ ਸਵਾਰ ਲੜਕੇ ਤੇ ਲੜਕੀ ਨੂੰ ਵੀ ਸੱਟਾਂ ਲੱਗੀਆਂ। ਲੋਕਾਂ ਇਕੱਠੇ ਹੋਏ ਤੇ ਉਨ੍ਹਾਂ ਨੇ ਪੁਲਿਸ ਨੂੰ ਬੁਲਾਇਆ। ਲੋਕਾਂ ਦਾ ਦੋਸ਼ ਸੀ ਕਿ ਪੁਲਿਸ ਨੇ ਲੜਕੇ ਤੇ ਲੜਕੀ ਨੂੰ ਉਥੋਂ ਭਜਾ ਦਿੱਤਾ। ਲੋਕਾਂ ਨੇ ਖ਼ੁਦ ਗੱਡੀ ਨੂੰ ਇਕ ਪਾਸੇ ਹਟਾਇਆ ਤੇ ਜ਼ਖ਼ਮੀਆਂ ਨੂੰ ਹੇਠੋਂ ਕੱਢਿਆ।
ਨਹੀਂ ਆਈ ਐਂਬੂਲੈਂਸ, ਹਸਪਤਾਲਾਂ ’ਚ ਵੀ ਹੋਇਆ ਸਮਾਂ ਬਰਬਾਦ
ਲੋਕਾਂ ਨੇ ਦੋਸ਼ ਲਾਇਆ ਕਿ ਐਂਬੂਲੈਂਸ ਨੂੰ ਕਈ ਵਾਰ ਫੋਨ ਕੀਤਾ ਪਰ ਐਂਬੂਲੈਂਸ ਸਮੇਂ ’ਤੇ ਨਹੀਂ ਪੁੱਜੀ। ਫਿਰ ਇਕ ਨੇ ਫੋਨ ਚੁੱਕਿਆ ਤੇ ਕਿਹਾ ਕਿ ਉਨ੍ਹਾਂ ਨੂੰ ਡਰਾਈਵਰ ਨਹੀਂ ਹੈ। ਫਿਰ ਲੋਕਾਂ ਨੇ ਕਾਰ ਚਾਲਕਾਂ ਨੂੰ ਰੋਕ ਕੇ ਕਿਸੇ ਤਰ੍ਹਾਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਹਸਪਤਾਲਾਂ ’ਚ ਵੀ ਰੈਫਰ-ਰੈਫਰ ਦੀ ਖੇਡ ਚੱਲਦੀ ਰਹੀ। ਉਦੋਂ ਤਕ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇਕ ਦੀ ਹਾਲਤ ਗੰਭੀਰ ਹੈ ਤੇ ਉਹ ਵੈਂਟੀਲੇਟਰ ਹੈ। ਬਾਕੀ ਵੀ ਗੰਭੀਰ ਫੱਟੜ ਹਨ।
ਲੋਕਾਂ ਨੇ ਲਾਇਆ ਧਰਨਾ
ਮੌਕੇ ’ਤੇ ਮੌਜੂਦ ਲੋਕਾਂ ਨੇ ਰੋਡ ਜਾਮ ਕਰ ਦਿੱਤਾ ਤੇ ਧਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਦੋਸ਼ ਸੀ ਕਿ ਐਂਬੂਲੈਂਸ ਨੂੰ ਵਾਰ-ਵਾਰ ਫੋਨ ਕਰਨ ’ਤੇ ਐਂਬੂਲੈਂਸ ਮੌਕੇ ’ਤੇ ਨਹੀਂ ਪੁੱਜੀ ਤੇ ਪੁਲਿਸ ਨੇ ਮੁਲਜ਼ਮਾਂ ਨੂੰ ਵੀ ਭਜਾ ਦਿੱਤਾ। ਇਸ ਤੋਂ ਬਾਅਦ ਦੋਵੇਂ ਥਾਣਿਆਂ ਦੀ ਪੁਲਿਸ ਮੌਕੇ ’ਤੇ ਪੁੱਜੀ ਤੇ ਜਾਮ ਖੁੱਲ੍ਹਵਾਇਆ।






