ਖੰਨਾ ’ਚ ਮੁਅੱਤਲ ਬਲਾਕ ਵਿਕਾਸ ਪੰਚਾਇਤ ਅਫ਼ਸਰ (ਬੀਡੀਪੀਓ) ਕੁਲਵਿੰਦਰ ਸਿੰਘ ਰੰਧਾਵਾ ਤੋਂ ਗਬਨ ਦੇ 58 ਲੱਖ ਰੁਪਏ ਵਸੂਲੇ ਜਾਣਗੇ। ਬੁੱਧਵਾਰ ਨੂੰ ਹੋਈ ਬਲਾਕ ਸੰਮਤੀ ਦੀ ਮੀਟਿੰਗ ’ਚ ਮਤਾ ਪਾਸ ਕਰ ਦਿੱਤਾ ਗਿਆ। ਇਸ ’ਚ ਮੁਅੱਤਲ ਕੀਤੇ ਬੀਡੀਪੀਓ ਤੋਂ 58 ਲੱਖ ਰੁਪਏ ਦੀ ਗਬਨ ਰਾਸ਼ੀ ਵਸੂਲਣ ਦੀ ਮੰਗ ਕੀਤੀ ਗਈ। ਜਿਸ ਲਈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਸਾਬਕਾ ਬੀਡੀਪੀਓ ਵੱਲੋਂ 58 ਲੱਖ ਰੁਪਏ ਦੇ ਗਬਨ ਤੋਂ ਬਾਅਦ ਬਲਾਕ ਸੰਮਤੀ ਕੋਲ ਸਟਾਫ਼ ਨੂੰ ਤਨਖਾਹਾਂ ਦੇਣ ਲਈ ਵੀ ਪੈਸੇ ਨਹੀਂ ਹਨ। ਸਟਾਫ ਨੂੰ 2 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ।
ਬਲਾਕ ਕਮੇਟੀ ਦੀ ਮੀਟਿੰਗ ਚੇਅਰਮੈਨ ਸਤਨਾਮ ਸਿੰਘ ਸੋਨੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ’ਚ ਸਮੂਹ ਬਲਾਕ ਸੰਮਤੀ ਮੈਂਬਰਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਮੁਅੱਤਲ ਕੀਤੇ ਬੀਡੀਪੀਓ ਤੋਂ 58 ਲੱਖ ਰੁਪਏ ਦੀ ਵਸੂਲੀ ਕੀਤੀ ਜਾਵੇ। ਇਸ ਸਬੰਧੀ ਮੌਜੂਦਾ ਬੀਡੀਪੀਓ ਮਹਿੰਦਰ ਸਿੰਘ ਅਗਲੀ ਕਾਰਵਾਈ ਕਰਨਗੇ। ਮਤੇ ਦੀ ਕਾਪੀ ਵਿਭਾਗ ਦੇ ਡਾਇਰੈਕਟਰ ਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਭੇਜੀ ਜਾਵੇਗੀ। ਇਸ ਮੌਕੇ ਮਨਜੀਤ ਕੌਰ ਵਾਈਸ ਚੇਅਰਮੈਨ ਦੇ ਨਾਲ ਨਾਲ ਬਲਾਕ ਸੰਮਤੀ ਮੈਂਬਰਾਨ ਸੋਹਣ ਸਿੰਘ, ਸਤਿੰਦਰ ਸਿੰਘ ਗੋਹ, ਕੁਲਵਿੰਦਰ ਸਿੰਘ ਔਜਲਾ, ਮਨਜੀਤ ਸਿੰਘ ਬੀਜਾ, ਪਰਮਜੀਤ ਸਿੰਘ ਨਸਰਾਲੀ, ਜਸਵੀਰ ਸਿੰਘ ਰਤਨਹੇੜੀ, ਯਾਦਵਿੰਦਰ ਸਿੰਘ ਭੁਮੱਦੀ, ਰਣਜੀਤ ਕੌਰ ਜਟਾਣਾ ਆਦਿ ਹਾਜ਼ਰ ਸਨ।
ਪੇਂਡੂ ਵਿਕਾਸ ਬਾਰੇ ਵੀ ਚਰਚਾ
ਇਸ ਤੋਂ ਇਲਾਵਾ ਮੀਟਿੰਗ ’ਚ ਪੇਂਡੂ ਵਿਕਾਸ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਚੇਅਰਮੈਨ ਸੋਨੀ ਨੇ ਕਿਹਾ ਕਿ ਕਰੋੜਾਂ ਰੁਪਏ ਨਾਲ ਪਿੰਡਾਂ ਦਾ ਵਿਕਾਸ ਚੱਲ ਰਿਹਾ ਹੈ। ਪੰਚਾਇਤਾਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਜਿਨ੍ਹਾਂ ਪਿੰਡਾਂ ’ਚ ਫੰਡ ਉਪਲਬਧ ਹਨ, ਉੱਥੇ ਕੰਮ ਬਿਨਾਂ ਕਿਸੇ ਰੁਕਾਵਟ ਦੇ ਚੱਲ ਰਿਹਾ ਹੈ। ਪੇਂਡੂ ਵਿਕਾਸ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇੰਝ ਕੀਤਾ ਸੀ ਗਬਨ
ਬੈਂਕ ਐਂਟਰੀਆਂ ਨੇ ਇਸ ਗਬਨ ਦਾ ਪਰਦਾਫਾਸ਼ ਕੀਤਾ ਸੀ। ਬੀਡੀਪੀਓ ਕੁਲਵਿੰਦਰ ਸਿੰਘ ਨੇ ਈਓਪੀਐਸ ਦੇ ਤਿੰਨ ਜਾਅਲੀ ਖਾਤੇ ਖੁਲਵਾਏ ਸਨ। ਇਨ੍ਹਾਂ ’ਚੋਂ 2 ਅਮਲੋਹ ਤੇ 1 ਖੰਨਾ ਵਿਖੇ ਖੋਲ੍ਹਿਆ ਗਿਆ। ਪਿੰਡ ਨਸਰਾਲੀ ਦੀ ਪੰਚਾਇਤ ਦੇ ਕਰੀਬ 40 ਲੱਖ ਰੁਪਏ ਤੇ ਬੁੱਲੇਪੁਰ ਪੰਚਾਇਤ ਦੇ 18 ਲੱਖ ਰੁਪਏ ਆਪਣੇ ਚਹੇਤਿਆਂ ਦੀਆਂ ਜਾਅਲੀ ਫਰਮਾਂ ਨੂੰ ਟਰਾਂਸਫਰ ਕਰ ਦਿੱਤੇ ਗਏ। ਜਿਸ ਤੋਂ ਬਾਅਦ ਮਤਾ ਪਾਸ ਕਰਕੇ ਵਿਭਾਗ ਦੇ ਹੋਰ ਅਧਿਕਾਰੀਆਂ ਸਮੇਤ ਡਾਇਰੈਕਟਰ ਤੇ ਡੀਸੀ ਨੂੰ ਇਸਦੀ ਕਾਪੀ ਭੇਜੀ ਗਈ ਸੀ। ਬੀਡੀਪੀਓ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਦੂਜੇ ਪਾਸੇ ਬੀਡੀਪੀਓ ਕੁਲਵਿੰਦਰ ਸਿੰਘ ਦਾ ਦਾਅਵਾ ਹੈ ਕਿ ਉਹ ਇਸ ਮਾਮਲੇ ਸਬੰਧੀ ਅਦਾਲਤ ਦਾ ਰੁਖ ਕਰ ਚੁੱਕੇ ਹਨ। ਅਦਾਲਤ ਜੋ ਵੀ ਫੈਸਲਾ ਲਵੇਗੀ ਉਸ ਨੂੰ ਸਵੀਕਾਰ ਕੀਤਾ ਜਾਵੇਗਾ।






