ਜਗਰਾਉਂ ਦੇ ਸ਼ੇਰਪੁਰਾ ਰੋਡ ਰੇਲਵੇ ਫਾਟਕਾਂ ਨੇੜੇ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਇੱਕਮਨਾਨ ਨਾਲ ਅੱਧਾ ਦਰਜਨ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਨਕਦੀ, ਸਾਮਾਨ, ਮੋਬਾਈਲ ਅਤੇ ਅਸੈਸਰੀ ਚੋਰੀ ਕਰਕੇ ਫੁਰਰ ਹੋ ਗਏ। ਜਾਣਕਾਰੀ ਅਨੁਸਾਰ ਵੀਰਵਾਰ ਤੜਕਸਾਰ ਹੀ ਸ਼ੇਰਪੁਰਾ ਰੋਡ ‘ਤੇ ਇੱਕ ਤੋਂ ਬਾਅਦ ਇੱਕ ਛੇ ਦੁਕਾਨਾਂ ਦੇ ਸ਼ਟਰ ਪੁੱਟੇ ਦੇਖ ਦੁਕਾਨਦਾਰਾਂ ਅਤੇ ਰਾਹਗੀਰਾਂ ਵਿੱਚ ਹਾਹਾਕਾਰ ਮੱਚ ਗਈ। ਇਸ ਘਟਨਾ ਵਿੱਚ ਰਜਿੰਦਰਾ ਮੈਡੀਕਲ ਸਟੋਰ, ਗੁਰੂ ਨਾਨਕ ਟੈਲੀਕੋਮ, ਮਾਲਟਾ ਸੋਪ ਫੈਕਟਰੀ, ਗੋਲਡੀ ਕਰਿਆਨਾ ਸਟੋਰ, ਦਲਜੀਤ ਟਾਇਰ ਹਾਊਸ, ਅਤੇ ਇੱਕ ਹਲਵਾਈ ਦੀ ਦੁਕਾਨ ‘ਤੇ ਦਸਤਕ ਦਿੰਦਿਆਂ ਅਣਪਛਾਤੇ ਚੋਰਾਂ ਵੱਲੋਂ ਇਨ੍ਹਾਂ ਦੁਕਾਨਾਂ ਵਿੱਚ ਰੱਖੀ ਹਜ਼ਾਰਾਂ ਰੁਪਏ ਦੀ ਨਕਦੀ, ਮੋਬਾਈਲ ਫੋਨ ,ਮੋਬਾਈਲ ਅਸੈਸਰੀ, ਕਰਿਆਨੇ ਦਾ ਸਾਮਾਨ ਸਮੇਤ ਅਨੇਕਾਂ ਵਸਤੂਆਂ ਚੋਰੀ ਕਰ ਲਈਆਂ। ਘਟਨਾ ਦੀ ਸੂਚਨਾ ਮਿਲਣ ‘ਤੇ ਜਗਰਾਉਂ ਥਾਣਾ ਸਿਟੀ ਦੇ ਏਐਸਆਈ ਨਰਿੰਦਰ ਕੁਮਾਰ ਪੁਲਿਸ ਪਾਰਟੀ ਸਮੇਤ ਪੁੱਜੇ। ਉਨਾਂ ਸਾਰੀਆਂ ਦੁਕਾਨਾਂ ‘ਤੇ ਹੋਏ ਨੁਕਸਾਨ ਦੀ ਜਾਣਕਾਰੀ ਇਕੱਤਰ ਕੀਤੀ ਅਤੇ ਬਾਜ਼ਾਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਖੰਗਾਲਣ ਵਿੱਚ ਜੁੱਟ ਗਏ।






