ਰਾਮਾ-ਮੰਡੀ ਦੇ ਕਾਕੀ ਪਿੰਡ ਚੌਕ ਤੋਂ ਪਿੰਡ ਦਕੋਹਾ ਨੂੰ ਜਾਂਦੀ ਸੜਕ ’ਤੇ ਉਸ ਸਮੇਂ ਤੜਥੱਲੀ ਮਚ ਗਈ, ਜਦੋਂ ਬੇਕਾਬੂ ਹੋਏ ਪੀਬੀ-08-ਈਪੀ-8475 ਨੰਬਰੀ ਟਿੱਪਰ ਨੇ ਕਈ ਗੱਡੀਆਂ, ਮੋਟਰਸਾਈਕਲ ਤੇ ਬਿਜਲੀ ਦੇ ਖੰਭੇ ਭੰਨ ਦਿੱਤੇ। ਇੰਨਾ ਹੀ ਨਹੀਂ ਇਸ ਦੌਰਾਨ ਟਿੱਪਰ ਢਾਬੇ ਵਾਲੀ ਦੁਕਾਨ ’ਚ ਜਾ ਵੜਿਆ, ਜਿਸ ਨਾਲ ਦੁਕਾਨ ਦੇ ਅੰਦਰ ਕੰਮ ਕਰ ਰਹੇ ਪਤੀ-ਪਤਨੀ ਤੇ ਉਨ੍ਹਾਂ ਦੇ ਬੱਚੇ ਵਾਲ-ਵਾਲ ਬਚ ਗਏ। ਮੌਕੇ ’ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਟਿੱਪਰ ਦਾ ਡਰਾਈਵਰ ਹੁਸ਼ਿਆਰਪੁਰ ਰੋਡ ਤੋਂ ਰਾਮਾ-ਮੰਡੀ ਵੱਲ ਨੂੰ ਆ ਰਿਹਾ ਸੀ ਤੇ ਸ਼ਾਇਦ ਪਿੱਛੇ ਕਿਸੇ ਹਾਦਸੇ ਨੂੰ ਅੰਜਾਮ ਦੇ ਕੇ ਆਇਆ ਸੀ, ਜਿਸ ਤੋਂ ਡਰਦੇ ਹੋਏ ਉਸ ਨੇ ਟਿੱਪਰ ਕਾਕੀ ਪਿੰਡ ਚੌਕ ਤੋਂ ਦਕੋਹਾ ਸੜਕ ਵੱਲ ਘੁੰਮਾ ਲਈ ਤੇ ਗੱਡੀ ਭਜਾਉਂਦੇ ਹੋਏ ਉਸ ਨੇ ਰਸਤੇ ’ਚ ਆਉਂਦੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਤੇ ਬਿਜਲੀ ਦੇ ਖੰਭੇ ਭੰਨ ਦਿੱਤੇ।
ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਟਿੱਪਰ ਚਾਲਕ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਘਟਣਾ ਦੀ ਸੂਚਨਾ ਮਿਲਦਿਆਂ ਮੌਕੇ ’ਤੇ ਇਲਾਕਾਵਾਸੀ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸਾਬਕਾ ਕੌਂਸਲਰ ਬਲਬੀਰ ਸਿੰਘ ਬਿੱਟੂ ਪਹੁੰਚੇ ਤੇ ਮੌਕੇ ਤੋਂ ਟਿੱਪਰ ਡਰਾਈਵਰ ਨੂੰ ਕਾਬੂ ਕਰਕੇ ਦਕੋਹਾ ਚੌਕੀ ਦੀ ਪੁਲਿਸ ਟੀਮ ਦੇ ਹਵਾਲੇ ਕੀਤਾ। ਗੱਲਬਾਤ ਕਰਦਿਆਂ ਬਲਬੀਰ ਬਿੱਟੂ ਨੇ ਦੱਸਿਆ ਕਿ ਟਿੱਪਰ ਡਰਾਈਵਰ ਡਰਿਆ ਹੋਇਆ ਸੀ ਤੇ ਉਸ ਨੇ ਡਰਦੇ ਨੇ ਹੀ ਪਿੰਡ ਦਕੋਹਾ ਸੜਕ ’ਤੇ ਪੈਂਦੇ ਚਾਂਦਨੀ ਚੌਕ ਤੋਂ ਅੰਦਰ ਗਲੀ ਵੱਲ ਨੂੰ ਟਿੱਪਰ ਘੁੰਮਾ ਦਿੱਤਾ, ਜਿਥੇ ਟਿੱਪਰ ਜਾਂ ਕੋਈ ਵੱਡਾ ਵਾਹਨ ਜਾਣ ਦਾ ਕੋਈ ਰਸਤਾ ਨਹੀਂ ਹੈ, ਇਸ ਕਾਰਨ ਟਿੱਪਰ ਨੇ ਦੋ ਜਗ੍ਹਾ ’ਤੇ ਬਿਜਲੀ ਦੇ ਖੰਭੇ ਭੰਨ ਦਿੱਤੇ, ਜਿਸ ਨਾਲ ਇਲਾਕੇ ਦੀ ਬਿਜਲੀ ਵੀ ਪ੍ਰਭਾਵਿਤ ਹੋਈ ਹੈ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਟਿੱਪਰ ਚਾਲਕ ਨੇ ਇਕ ਕਾਰ ਨੂੰ ਬੁਰੀ ਤਰ੍ਹਾਂ ਭੰਨ ਦਿੱਤਾ ਤੇ ਇਕ ਮੋਟਰਸਾਈਕਲ ਵੀ ਇਸ ਦੀ ਚਪੇਟ ’ਚ ਆ ਗਿਆ। ਉਨ੍ਹਾਂ ਦੱਸਿਆ ਕਿ ਟਿੱਪਰ ਗਲੀ ’ਚ ਇਹੋ ਜਿਹੀ ਜਗ੍ਹਾ ਫਸ ਗਿਆ ਹੈ ਜਿਥੋਂ ਨਾ ਅੱਗੇ ਜਾਇਆ ਜਾ ਸਕਦਾ ਹੈ ਤੇ ਨਾ ਹੀ ਪਿੱਛੇ ਲਿਜਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਇਹ ਹਾਦਸਾ ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਵਾਪਰਿਆ ਹੈ ਤੇ ਇਸ ਦੌਰਾਨ ਲੋਕਾਂ ਦਾ ਕਿੰਨਾ ਨੁਕਸਾਨ ਹੋਇਆ ਹੈ ਇਸ ਦਾ ਜਾਇਜ਼ਾ ਪੂਰੀ ਜਾਂਚ ਪੜਤਾਲ ਦੇ ਬਾਅਦ ਹੀ ਪਤਾ ਲੱਗੇਗਾ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੇ ਚੌਕੀ ਦਕੋਹਾ ਦੇ ਏਐੱਸਆਈ ਬਲਵਿੰਦਰ ਕੁਮਾਰ ਨੇ ਟਿੱਪਰ ਚਾਲਕ ਨੂੰ ਹਿਰਾਸਤ ’ਚ ਲੈ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਏਐੱਸਆਈ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਟਿੱਪਰ ਚਾਲਕ ਦੀ ਪਛਾਣ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਟਿੱਪਰ ਚਾਲਕ ਤੱਲ੍ਹਣ ਰੋਡ ਤੋਂ ਜਮਸ਼ੇਰ ਵੱਲ ਨੂੰ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਫਿਲਹਾਲ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੇਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਵਾਲ-ਵਾਲ ਬਚਿਆ ਢਾਬਾ ਚਲਾਉਣ ਵਾਲੇ ਦਾ ਪਰਿਵਾਰ
ਇਸ ਸਬੰਧੀ ਗੱਲਬਾਤ ਕਰਦਿਆਂ ਦਕੋਹਾ ਰੋਡ ਚਾਂਦਨੀ ਚੌਕ ਨਜ਼ਦੀਕ ਢਾਬਾ ਚਲਾਉਣ ਵਾਲੇ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਸ ਦਾ ਪੂਰਾ ਪਰਿਵਾਰ ਵਾਲ-ਵਾਲ ਬਚਿਆ ਹੈ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਢਾਬੇ ’ਤੇ ਰੋਟੀਆਂ ਬਣਾ ਰਹੀ ਸੀ ਤੇ ਉਸ ਦੇ ਛੇ ਬੱਚੇ ਤੇ ਉਹ ਢਾਬੇ ਦੇ ਅੰਦਰ ਮੌਜੂਦ ਸਨ। ਉਸ ਨੇ ਦੱਸਿਆ ਕਿ ਟਿੱਪਰ ਦੀ ਟੱਕਰ ਨਾਲ ਉਸ ਦੀ ਦੁਕਾਨ ਭੱਜ ਗਈ ਪਰ ਕਿਸੇ ਤਰ੍ਹਾਂ ਉਸ ਦੇ ਪਰਿਵਾਰ ਦਾ ਬਚਾਅ ਹੋ ਗਿਆ। ਪ੍ਰਵੀਨ ਨੇ ਦੱਸਿਆ ਕਿ ਜੇਕਰ ਟਿੱਪਰ ਦੁਕਾਨ ਦੇ ਅੰਦਰ ਵੜ ਜਾਂਦਾ ਤਾਂ ਉਸ ਦੇ ਸਾਰੇ ਪਰਿਵਾਰ ਦਾ ਨੁਕਸਾਨ ਹੋ ਜਾਣਾ ਸੀ।
ਟਿੱਪਰ ਚਾਲਕ ਨੂੰ ਹਿਰਾਸਤ ’ਚ
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੇ ਚੌਕੀ ਦਕੋਹਾ ਦੇ ਏਐੱਸਆਈ ਬਲਵਿੰਦਰ ਕੁਮਾਰ ਨੇ ਟਿੱਪਰ ਚਾਲਕ ਨੂੰ ਹਿਰਾਸਤ ’ਚ ਲੈ ਲਿਆ ਤੇ ਚਾਲਕ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਜਲੰਧਰ ਲੈ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਏਐੱਸਆਈ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਟਿੱਪਰ ਚਾਲਕ ਤੱਲ੍ਹਣ ਰੋਡ ਤੋਂ ਜਮਸ਼ੇਰ ਵੱਲ ਨੂੰ ਜਾ ਰਿਹਾ ਸੀ ਤੇ ਉਹ ਦਕੋਹਾ ਰੋਡ ’ਤੇ ਕਿਉਂ ਤੇ ਕਿਵੇਂ ਪਹੁੰਚਿਆ, ਇਹ ਜਾਂਚ ਪੜਤਾਲ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਉਨ੍ਹਾਂ ਦੱਸਿਆ ਕਿ ਫਿਲਹਾਲ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੇਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।






