ਮੰਗਲਵਾਰ ਰਾਤ ਕਰੀਬ 10 ਵਜੇ ਕੰਗਣਵਾਲ ਇਲਾਕੇ ‘ਚ ਇਕ ਵਾਹਨ ‘ਚ ਗੈਰ-ਕਾਨੂੰਨੀ ਰੀਫਿਲਿੰਗ ਦੌਰਾਨ ਸਿਲੰਡਰ ਫਟ ਗਿਆ। ਇਸ ਕਾਰਨ ਉਥੇ ਮੌਜੂਦ ਅੱਧੀ ਦਰਜਨ ਦੇ ਕਰੀਬ ਲੋਕ ਝੁਲਸ ਗਏ, ਜਿਨ੍ਹਾਂ ਵਿਚ ਦੋ ਬੱਚੇ ਵੀ ਸ਼ਾਮਲ ਹਨ। ਧਮਾਕੇ ਦੀ ਆਵਾਜ਼ ਸੁਣ ਕੇ ਭਗਦੜ ਮੱਚ ਗਈ।
ਅੱਗ ਬੁਝਾਉਣ ਤੋਂ ਬਾਅਦ ਲੋਕਾਂ ਨੇ ਤੁਰੰਤ ਝੁਲਸੇ ਲੋਕਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਦੇਰ ਰਾਤ ਤਕ ਉਨ੍ਹਾਂ ਦਾ ਇਲਾਜ ਚੱਲਦਾ ਰਿਹਾ। ਇਨ੍ਹਾਂ ਦੀ ਪਛਾਣ 10 ਸਾਲਾ ਸਾਹਿਲ, 12 ਸਾਲਾ ਸਾਕਸ਼ੀ ਤੇ 18 ਸਾਲਾ ਪਵਨ ਗਿਰੀ ਵਜੋਂ ਹੋਈ ਹੈ। ਬਾਕੀ ਜ਼ਖ਼ਮੀਆਂ ਦੀ ਪਛਾਣ ਨਹੀਂ ਹੋ ਸਕੀ। ਚੌਕੀ ਕੰਗਣਵਾਲ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਮਤਾ ਦੇਵੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਨੇੜੇ ਧਾਰਮਿਕ ਸਮਾਗਮ ਚੱਲ ਰਿਹਾ ਸੀ। ਉਹ ਤੇ ਬਾਕੀ ਦੇ ਪਰਿਵਾਰਕ ਮੈਂਬਰ ਉਥੇ ਗਏ ਹੋਏ ਸਨ। ਇਸ ਦੌਰਾਨ ਉਨ੍ਹਾਂ ਦਾ ਲੜਕਾ ਸਾਹਿਲ ਤੇ ਇਲਾਕੇ ‘ਚ ਰਹਿਣ ਵਾਲੀ ਸਾਕਸ਼ੀ ਖੇਡ ਰਹੇ ਸਨ। ਬੱਚੇ ਖੇਡਦੇ ਹੋਏ ਗੁਆਂਢੀਆਂ ਦੇ ਵਿਹੜੇ ‘ਚ ਚਲੇ ਗਏ। ਉਨ੍ਹਾਂ ਦੋਸ਼ ਲਾਇਆ ਕਿ ਇੱਥੇ ਕੁਝ ਲੋਕ ਨਾਜਾਇਜ਼ ਤੌਰ ’ਤੇ ਸਿਲੰਡਰਾਂ ਨੂੰ ਰੀਫਿਲ ਕਰਦੇ ਹਨ। ਇਸ ਦੌਰਾਨ ਸਿਲੰਡਰ ਫਟ ਗਿਆ।






