ਸੀਆਈਏ ਸਟਾਫ-1 ਨੇ ਗੈਂਗਸਟਰ ਅਰਸ਼ ਡੱਲਾ ਦੇ ਸਾਥੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋ 315 ਬੋਰ ਦਾ ਦੇਸੀ ਪਿਸਤੌਲ, ਦੋ ਕਾਰਤੂਸ ਅਤੇ ਇਕ ਮੋਬਾਇਲ ਫੋਨ ਬਰਾਮਦ ਕੀਤਾ ਹੈ। ਕਥਿਤ ਦੋਸ਼ੀ ਦੀ ਪਛਾਣ ਕਰਨਦੀਪ ਸਿੰਘ ਉਰਫ ਕੰਨੂ ਵਾਸੀ ਮੌੜ ਮੰਡੀ ਵਜੋਂ ਹੋਈ ਹੈ। ਪੁਲਿਸ ਅਨੁਸਾਰ ਕਥਿਤ ਦੋਸ਼ੀ ਉਸ ਸਮੇਂ ਫੜਿਆ ਗਿਆ ਜਦ ਉਹ ਫਿਰੌਤੀ ਨਾ ਮਿਲਣ ਦੀ ਸੂਰਤ ਵਿਚ ਭੱਟੀ ਰੋਡ ’ਤੇ ਇਕ ਵਪਾਰੀ ਨੂੰ ਡਰਾਉਣ ਲਈ ਗੋਲ਼ੀਆਂ ਚਲਾਉਣ ਆ ਰਿਹਾ ਸੀ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਉਕਤ ਗਿਰੋਹ ਦੇ ਮੈਂਬਰ ਫੋਨ ਕਰਕੇ ਵਪਾਰੀਆਂ ਕੋਲੋਂ ਫਿਰੌਤੀ ਮੰਗਦੇ ਸਨ ਤੇ ਵਪਾਰੀਆਂ ਨੂੰ ਡਰਾਉਣ ਲਈ ਉਨ੍ਹਾਂ ਦੇ ਘਰਾਂ ਅਤੇ ਅਦਾਰਿਆਂ ’ਤੇ ਗੋਲ਼ੀਆਂ ਚਲਾ ਦਿੰਦੇ ਸਨ। ਇਸ ਸਬੰਧੀ ਡੀਐਸਪੀ ਡਿਟੈਕਟਿਵ ਰਾਜੇਸ਼ ਕੁਮਾਰ ਨੇ ਦੱਸਿਆ ਹੈ ਕਿ ਸੀਆਈਏ ਸਟਾਫ-1 ਨੂੰ ਸੂਚਨਾ ਮਿਲੀ ਸੀ ਕਿ ਕਰਨਦੀਪ ਸਿੰਘ ਕੰਨੂ ਵਾਸੀ ਮੌੜ ਮੰਡੀ ਫਿਰੌਤੀ ਨਾ ਮਿਲਣ ਦੀ ਸੂਰਤ ਵਿਚ ਭੱਟੀ ਰੋਡ ’ਤੇ ਇਕ ਕਾਰੋਬਾਰੀ ਨੂੰ ਡਰਾਉਣ ਲਈ ਫਾਈਰਿੰਗ ਕਰਨ ਆ ਰਿਹਾ ਹੈ।
ਇਸ ਸੂਚਨਾ ਤੋਂ ਬਾਅਦ ਸੀਆਈਏ ਸਟਾਫ ਵੱਲੋਂ ਕਥਿਤ ਦੋਸ਼ੀ ਨੂੰ ਫੜਨ ਲਈ ਨਾਕਾਬੰਦੀ ਕੀਤੀ ਗਈ ਸੀ, ਜਿਸ ਦੇ ਚਲਦੇ ਉਸ ਨੂੰ ਕਾਬੂ ਕੀਤਾ ਗਿਆ ਹੈ। ਤਲਾਸ਼ੀ ਦੌਰਾਨ ਮੁਲਜਮ ਕੋਲੋਂ 315 ਬੋਰ ਦਾ ਦੇਸੀ ਪਿਸਤੌਲ ਅਤੇ ਦੋ ਕਾਰਤੂਸ ਬਰਾਮਦ ਕੀਤੇ ਗਏ ਹਨ। ਮੁਲਜ਼ਮ ਖਿ਼ਲਾਫ਼ ਥਾਣਾ ਸਿਵਲ ਲਾਈਨ ਵਿਖੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਿਸ ਅਧਿਕਾਰੀ ਅਨੁਸਾਰ ਮੁੱਢਲੀ ਪੁੱਛ ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਉਕਤ ਨੌਜਵਾਨ ਗੈਂਗਸਟਰ ਅਰਸ਼ ਡੱਲਾ ਦਾ ਸਾਥੀ ਹੈ ਤੇ ਉਸਦੇ ਕਹਿਣ ਤੇ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਮੁਲਜ਼ਮ ਕੋਲੋਂ ਫਿਰੌਤੀ ਮੰਗਣ ਲਈ ਵਰਤਿਆ ਜਾਣ ਵਾਲਾ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਹੈ। ਕਥਿਤ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਉਸ ਦੇ ਗਿਰੋਹ ਵਿਚ ਹੋਰ ਕਿੰਨੇ ਨੌਜਵਾਨ ਹਨ ਤੇ ਉਹ ਕਿੰਨ੍ਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ।






