ਹਥਿਆਰਾਂ ਨਾਲ ਲੈਸ ਹੋਏ ਨਕਾਬਪੋਸ਼ ਬਦਮਾਸ਼ਾਂ ਨੇ ਸਤਿਗੁਰੂ ਨਗਰ ਦੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ l ਘਰ ਦੇ ਅੰਦਰ ਦਾਖਲ ਹੋਏ 7 ਬਦਮਾਸ਼ਾਂ ਨੇ ਦੋ ਬੱਚਿਆਂ ਉੱਪਰ ਤਲਵਾਰ ਰੱਖ ਦਿੱਤੀ ਅਤੇ ਜਾਨ ਮਾਰਨ ਦੀ ਧਮਕੀ ਦੇ ਕੇ ਬੱਚਿਆਂ ਦੇ ਪਿਤਾ ਨੂੰ ਅਲਮਾਰੀ ਦੇ ਕੋਲ ਲੈ ਗਏ l ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜਮ ਬੜੀ ਆਸਾਨੀ ਨਾਲ ਮੌਕੇ ਤੋਂ ਫਰਾਰ ਹੋ ਗਏ l ਘਰ ਦੇ ਮਾਲਕ ਅਮਰਜੀਤ ਯਾਦਵ ਨੇ ਇਸ ਸਬੰਧੀ ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਅਤੇ ਆਪਣੇ ਜਰੀਏ ਪੜਤਾਲ ਸ਼ੁਰੂ ਕੀਤੀ l ਅਮਰਜੀਤ ਯਾਦਵ ਨੇ ਦੱਸਿਆ ਕਿ ਉਸਨੂੰ ਇਲਾਕੇ ਦੇ ਕੁਝ ਵਿਅਕਤੀਆਂ ਤੇ ਸ਼ੱਕ ਸੀ। ਜਦ ਉਸ ਨੇ ਆਪਣੇ ਜਰੀਏ ਤਫਤੀਸ਼ ਕੀਤੀ ਤਾਂ ਸਾਰਾ ਮਾਮਲਾ ਸਾਫ ਹੋ ਗਿਆ l ਇਸ ਕੇਸ ਵਿੱਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਅਮਰਜੀਤ ਯਾਦਵ ਦੇ ਸ਼ਿਕਾਇਤ ਤੇ ਸਤਿਗੁਰੂ ਨਗਰ ਦੇ ਵਾਸੀ ਵਿਜੇ ਉਰਫ ਕਾਲਾ, ਜਸਪਾਲ ਬਾਂਗੜ ਦੇ ਰਹਿਣ ਵਾਲੇ ਹਰਜਿੰਦਰ ਸਿੰਘ, ਤੱਤ, ਦੀਪਕ, ਮਹਾਦੇਵ ਨਗਰ ਦੇ ਵਾਸੀ ਅਭਿਸ਼ੇਕ ਚਿਰਕੁਟ, ਦੀਪਕ ਗੁਪਤਾ ਅਤੇ ਸੁਖਬੀਰ ਸਿੰਘ ਨਾਮ ਦੇ ਵਿਅਕਤੀ ਵਿਅਕਤੀ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਅਮਰਜੀਤ ਯਾਦਵ ਨੇ ਦੱਸਿਆ ਕਿ ਉਹ ਪ੍ਰਾਈਵੇਟ ਨੌਕਰੀ ਕਰਦਾ ਹੈ। 24 ਫਰਵਰੀ ਦੀ ਰਾਤ 9:30 ਵਜੇ ਦੇ ਕਰੀਬ ਰਾੜਾ, ਦਾਤਰ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਮੁਲਜਮ ਉਸਦੇ ਘਰ ਅੰਦਰ ਦਾਖਲ ਹੋ ਗਏ। ਘਰ ਦੇ ਅੰਦਰ ਵੜਦੇ ਹੀ ਮੁਲਜ਼ਮਾਂ ਨੇ ਅਮਰਜੀਤ ਯਾਦਵ ਅਤੇ ਉਸਦੇ ਦੋਵਾਂ ਬੇਟਿਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ l 13 ਅਤੇ 15 ਸਾਲ ਦੇ ਦੋਵਾਂ ਬੱਚਿਆਂ ਉੱਪਰ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰ ਰੱਖ ਦਿੱਤੇ l ਬੱਚਿਆਂ ਨੂੰ ਮਾਰਨ ਦੀ ਧਮਕੀ ਦੇ ਕੇ ਮੁਲਜਮ ਅਮਰਜੀਤ ਯਾਦਵ ਨੂੰ ਅਲਮਾਰੀ ਦੇ ਕੋਲ ਲੈ ਗਏ ਅਤੇ ਅਲਮਾਰੀ ਵਿੱਚੋਂ ਸਾਢੇ ਤਿੰਨ ਲੱਖ ਰੁਪਏ ਦੇ ਕਰੀਬ ਰਕਮ, ਅਤੇ ਪੰਜ ਤੋਲੇ ਸੋਨੇ ਦੇ ਗਹਿਣੇ ਲੁੱਟ ਲਏl ਅਮਰਜੀਤ ਯਾਦਵ ਨੇ ਦੱਸਿਆ ਕਿ ਜਿਸ ਫਰਮ ਵਿੱਚ ਉਹ ਨੌਕਰੀ ਕਰਦਾ ਹੈ ਲੁੱਟੀ ਗਈ ਰਕਮ ਫਰਮ ਦੇ ਮਾਲਕ ਦੀ ਸੀl ਉਧਰੋਂ ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲਿਸ ਦਾ ਕਹਿਣਾ ਹੈ ਕਿ ਅਮਰਜੀਤ ਯਾਦਵ ਦੀ ਸ਼ਿਕਾਇਤ ਤੇ ਮੁਲਜਮਾਂ ਦੇ ਖਿਲਾਫ ਐਫਆਈਆਰ ਦਰਜ ਕਰ ਲਈ ਗਈ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।






