ਖੰਨਾ ਪੁਲਿਸ ਨੇ ਐੱਸਐੱਮਓ ਸਿਵਲ ਹਸਪਤਾਲ ਸਮਰਾਲਾ ’ਤੇ ਹਮਲਾ ਕਰਨ ਵਾਲੇ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਐੱਸਐੱਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਥਾਣੇਦਾਰ ਰਾਓਵਰਿੰਦਰ ਸਿੰਘ, ਮੁੱਖ ਅਫਸਰ ਥਾਣਾ ਸਮਰਾਲਾ ਪੁਲਿਸ ਪਾਰਟੀ ਨੇ ਐੱਸਐਮਓ ਤੋਂ ਲੁੱਟ-ਖੋਹ ਕਰਨ ਦੇ ਮਾਮਲੇ ’ਚ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਮਾਮਲੇ ’ਚ ਰੇਨੂੰ ਮਹੰਤ ਚੇਲਾ ਭੋਲੀ ਮਹੰਤ ਵਾਸੀ ਬਹਿਲੋਲਪਰ, ਥਾਣਾ ਮਾਛੀਵਾੜਾ ਸਾਹਿਬ, ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਹਰਬੰਸ ਸਿੰਘ ਵਾਸੀ ਬਹਿਲੋਲਪਰ, ਸੰਜੀਵ ਕੁਮਾਰ ਉਰਫ ਲੱਕੀ ਪੁੱਤਰ ਰਾਜਿੰਦਰ ਕੁਮਾਰ ਵਾਸੀ ਨੇੜੇ ਵੇਰਕਾ ਡੇਅਰੀ, ਮੁਹੱਲਾ ਰਾਈਵਾੜਾ, ਚਮਕੌਰ ਸਾਹਿਬ ਤੇ ਜਗਜੀਵਨ ਸਿੰਘ ਉਰਫ ਜੀਵਨ ਪੁੱਤਰ ਰਾਮ ਸਿੰਘ ਵਾਸੀ ਬਹਿਲੋਲਪਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਵਿਅਕਤੀਆਂ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਰੇਨੂੰ ਮਹੰਤ ਦਾ ਪਿੰਡ ਬਹਿਲੋਲਪੁਰ ਵਿਖੇ ਡੇਰਾ ਹੈ, ਜਿੱਥੇ ਮਨਪ੍ਰੀਤ ਸਿੰਘ, ਜਗਜੀਵਨ ਸਿੰਘ ਉਕਤਾਨ, ਜੋ ਸਿਵਲ ਹਸਪਤਾਲ ਸਮਰਾਲਾ ਵਿਖੇ ਸਫਾਈ ਸੇਵਕ ਦਾ ਕੰਮ ਕਰਦੇ ਸਨ। ਸੰਜੀਵ ਕੁਮਾਰ ਵੀ ਉਨ੍ਹਾਂ ਕੋਲ ਆਉਂਦਾ ਸੀ। ਇਨ੍ਹਾਂ ਨੂੰ ਪਤਾ ਸੀ ਕਿ ਐੱਸਐਮਓ ਤਾਰਿਕਜੋਤ ਸਿੰਘ ਦੇਰ ਰਾਤ ਆਪਣੇ ਘਰ ਨੂੰ ਇਕੱਲਾ ਆਉਂਦਾ ਹੈ, ਜਿਸ ਕੋਲ ਕੀਮਤੀ ਸਾਮਾਨ ਹੋਣ ਦੀ ਸੰਭਾਵਨਾ ਹੈ ਜਿਸ ਕਰਕੇ ਮੁਲਜ਼ਮਾਂ ਨੇ ਐੱਸਐੱਮਓ ਨੂੰ ਲੁੱਟਣ ਦੀ ਨੀਅਤ ਨਾਲ ਹਮਲਾ ਕੀਤਾ ਸੀ।






