ਬਠਿੰਡਾ ਜੇਲ੍ਹ ’ਚ ਬੰਦ ਹੈਰੋਇਨ ਸਮੱਗਲਰ ਲਾਡੀ ਡੱਡੂ ਨੇ ਫਤਾਹਪੁਰ ਜੇਲ੍ਹ ’ਚ ਬੰਦ ਆਪਣੇ ਸਾਥੀਆਂ ਰਾਹੀਂ ਇਕ ਕੈਦੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਮੁਲਜ਼ਮਾਂ ਨੇ ਚਮਚਿਆਂ ਨੂੰ ਜ਼ਮੀਨ ’ਤੇ ਰਗੜ ਕੇ ਤੇਜ਼ਧਾਰ ਹਥਿਆਰ ਬਣਾਏ ਹੋਏ ਸਨ। ਦੋਸ਼ ਹੈ ਕਿ ਲਾਡੀ ਨਵਪ੍ਰੀਤ ਸਿੰਘ ਨੂੰ ਜੇਲ੍ਹ ਵਿਚ ਨਸ਼ੇ ਦਾ ਕਾਰੋਬਾਰ ਕਰਨ ਲਈ ਕਹਿ ਰਿਹਾ ਸੀ। ਘਟਨਾ ਸ਼ਨੀਵਾਰ ਰਾਤ ਦੀ ਹੈ। ਫਿਲਹਾਲ ਜ਼ਖਮੀ ਨਵਪ੍ਰੀਤ ਸਿੰਘ ਨੂੰ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜੇਲ੍ਹ ਪ੍ਰਸ਼ਾਸਨ ਇਸ ਘਟਨਾ ਬਾਰੇ ਕੋਈ ਗੱਲ ਨਹੀਂ ਕਰ ਰਿਹਾ ਹੈ।
ਮੂੰਹ ’ਤੇ ਪਿਸ਼ਾਬ ਕਰਨ ਤੇ ਕੁੱਟਣ ਦਾ ਵੀਡੀਓ ਵਾਇਰਲ
ਫਤਾਹਪੁਰ ਜੇਲ ’ਚ ਬੰਦ ਇਕ ਕੈਦੀ ਨੂੰ ਕੁੱਟਣ ਅਤੇ ਉਸ ਦੇ ਮੂੰਹ ’ਤੇ ਪਿਸ਼ਾਬ ਕਰਨ ਦਾ ਵੀਡੀਓ ਪਹਿਲਾਂ ਹੀ ਵਾਇਰਲ ਹੋ ਚੁੱਕਾ ਹੈ। ਇਕ ਆਗੂ ਨੇ ਆਪਣੇ ਗੈਂਗਸਟਰ ਗੁਰਗੇ ਰਾਹੀਂ ਪਹਿਲਾਂ ਇਕ ਵਪਾਰੀ ਦੀ ਕੁੱਟਮਾਰ ਕੀਤੀ ਅਤੇ ਫਿਰ ਉਸ ਦੇ ਮੂੰਹ ’ਤੇ ਪਿਸ਼ਾਬ ਕਰਨ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਸੀ।
ਹਮਲਾ ਕਰਨ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ : ਪੁਲਿਸ
ਇਸਲਾਮਾਬਾਦ ਥਾਣਾ ਇੰਚਾਰਜ ਗੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਐਤਵਾਰ ਰਾਤ ਤੋਂ ਸੀਐੱਮ ਦੀ ਸੁਰੱਖਿਆ ’ਚ ਰੁੱਝੇ ਹੋਏ ਹਨ। ਜੇਲ੍ਹ ਵਿਚ ਲੜਾਈ ਹੋਈ ਹੈ ਅਤੇ ਜ਼ਖ਼ਮੀ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਸ ਮਾਮਲੇ ਵਿਚ ਐਫਆਈਆਰ ਦਰਜ ਕੀਤੀ ਜਾਵੇਗੀ।






