Rail Roko Andolan : ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਪ੍ਰਦਰਸ਼ਨ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਜਾਰੀ ਹੈ। ਕਿਸਾਨਾਂ ਨੇ ਅੱਜ ਰੇਲ ਰੋਕੋ ਅੰਦੋਲਨ (Rail Roko Andolan) ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕਰ ਰਹੀ ਹੈ। ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਅੱਜ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤਕ ਜਾਰੀ ਰਹੇਗਾ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਇਹ ਪ੍ਰਦਰਸ਼ਨ ਸ਼ਾਂਤਮਈ ਢੰਗ ਨਾਲ ਕੀਤਾ ਜਾਵੇਗਾ। ਰੇਲਵੇ ਸਟੇਸ਼ਨਾਂ ਅਤੇ ਕਰਾਸਿੰਗਾਂ ਦੇ ਨੇੜੇ ਰੇਲ ਗੱਡੀਆਂ ਨੂੰ ਰੋਕਿਆ ਜਾਵੇਗਾ।
ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਕੇਂਦਰ ਨਾਲ ਹੋਈਆਂ ਮੀਟਿੰਗਾਂ ਟਚ ਵੀ ਸਾਡੀਆਂ ਮੰਗਾਂ ਪ੍ਰਤੀ ਕੁਝ ਨਹੀਂ ਹੋਇਆ। ਉਨ੍ਹਾਂ ਕੇਂਦਰ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਉਸ ਨੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ, ਜੋ ਕਿ ਸਰਾਸਰ ਝੂਠ ਹੈ। ਕੇਂਦਰ ਨਾਲ ਕਿਸਾਨਾਂ ਦੀਆਂ ਸਾਰੀਆਂ ਮੀਟਿੰਗਾਂ ਬੇਸਿੱਟਾ ਰਹੀਆਂ ਹਨ। ਚਾਰ ਘੰਟੇ ਚੱਲਣ ਵਾਲੇ ਧਰਨੇ ਦੌਰਾਨ ਕਿਸਾਨਾਂ ਨੇ ਆਮ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ।
ਜਲੰਧਰ ਕੈਂਟ ਰੇਲਵੇ ਸਟੇਸ਼ਨ ‘ਤੇ ਸ਼ਤਾਬਦੀ ਐਕਸਪ੍ਰੈੱਸ ਅਤੇ ਹਮਸਫ਼ਰ ਐਕਸਪ੍ਰੈੱਸ, ਲੁਧਿਆਣਾ ਦੇ ਸਾਹਨੇਵਾਲ ਰੇਲਵੇ ਸਟੇਸ਼ਨ ‘ਤੇ ਮਾਲਵਾ ਐਕਸਪ੍ਰੈਸ ਤੇ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ‘ਚ ਦੇਵੀਦਾਸਪੁਰਾ ਰੇਲਵੇ ਕ੍ਰਾਸਿੰਗ ‘ਤੇ ਰੇਲ ਗੱਡੀਆਂ ਰੋਕ ਕੇ ਕਿਸਾਨਾਂ ਵੱਲੋਂ ਰੋਸ-ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਨਾਭਾ ਰੇਲਵੇ ਸਟੇਸ਼ਨ ‘ਤੇ ਯਾਤਰੀਆਂ ਨੂੰ ਟ੍ਰੇਨਾਂ ਬੰਦ ਹੋਣ ਕਾਰਨ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਕਤਸਰ ਰੇਲਵੇ ਟਰੈਕ ’ਤੇ ਵੀ ਕਿਸਾਨਾਂ ਨੇ ਧਰਨਾ ਲਾ ਦਿੱਤਾ ਹੈ।
ਚੋਣ ਜ਼ਾਬਤਾ ਲਾਗੂ ਹੋਣ ਨਾਲ ਸਾਡਾ ਕੋਈ ਲੈਣਾ-ਦੇਣਾ ਨਹੀਂ: ਸਰਵਣ ਸਿੰਘ ਪੰਧੇਰ
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਦੋਂ ਤਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤਕ ਸਾਡਾ ਧਰਨਾ ਜਾਰੀ ਰਹੇਗਾ। ਅਸੀਂ ਅੱਜ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ 4 ਘੰਟੇ ਲਈ ਰੇਲ ਗੱਡੀਆਂ ਨੂੰ ਰੋਕਾਂਗੇ। ਉਨ੍ਹਾਂ ਕਿਹਾ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਨਾਲ ਸਾਡਾ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਅਸੀਂ ਇਹ ਵਿਰੋਧ ਸ਼ੁਰੂ ਕੀਤਾ ਸੀ ਤਾਂ ਸਾਨੂੰ ਪਤਾ ਸੀ ਕਿ ਅਸੀਂ 40 ਦਿਨਾਂ ‘ਚ ਇਹ ਵਿਰੋਧ ਨਹੀਂ ਜਿੱਤ ਸਕਾਂਗੇ। ਅਸੀਂ ਆਪਣੀ ਤਾਕਤ ਵਧਾਉਣਾ ਜਾਰੀ ਰੱਖਾਂਗੇ।
ਕਿਸਾਨਾਂ ਦੀ ਹੜਤਾਲ ਕਾਰਨ ਬਿਆਸ ਤੇ ਲੁਧਿਆਣਾ ਤੋਂ ਵਾਪਸ ਭੇਜੀਆਂ ਟ੍ਰੇਨਾਂ
ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵੱਲੋਂ ਐਤਵਾਰ ਦੁਪਹਿਰ 12 ਵਜੇ ਤੋਂ ਰੇਲ ਮਾਰਗ ਠੱਪ ਕਰ ਦਿੱਤਾ ਗਿਆ। ਇਸ ਕਾਰਨ ਵੱਖ-ਵੱਖ ਟਰੇਨਾਂ ‘ਚ ਸਵਾਰ ਹੋ ਕੇ ਰੇਲਵੇ ਸਟੇਸ਼ਨ ‘ਤੇ ਆਪਣੀ ਮੰਜ਼ਿਲ ‘ਤੇ ਪਹੁੰਚਣ ਵਾਲੇ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਦੀ ਹੜਤਾਲ ਕਾਰਨ ਰੇਲਵੇ ਨੇ ਬਿਆਸ ਤੇ ਲੁਧਿਆਣਾ ਤੋਂ ਕੁਝ ਟਰੇਨਾਂ ਵਾਪਸ ਭੇਜ ਦਿੱਤੀਆਂ ਹਨ।






