ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮਾਤ ਭਾਸ਼ਾ ਪੰਜਾਬੀ ਨੂੰ ਮਾਣ ਦੇਣ ਦੇ ਵੱਡੇ-ਵੱਡੇ ਦਾਅਵੇ ਤਾਂ ਜ਼ਰੂਰ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਇਸ ਤੋਂ ਕੋਹਾਂ ਦੂਰ ਹੈ ਤੇ ਇਨ੍ਹਾਂ ਦਾਅਵਿਆਂ ਨੂੰ ਜਨਤਕ ਥਾਵਾਂ ’ਤੇ ਗਲਤ ਲਿਖੀ ਪੰਜਾਬੀ ਮੂੰਹ ਚਿੜ੍ਹਾਉਂਦੀ ਦਿਖਾਈ ਦੇ ਰਹੀ ਹੈ। ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਾਰੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਪੰਜਾਬੀ ਬੋਲੀ ਦੀ ਵਰਤੋਂ ਪਹਿਲ ਦੇ ਆਧਾਰ ’ਤੇ ਕਰਨ ਦੀ ਹਦਾਇਤ ਕੀਤੀ ਗਈ ਹੈ, ਪਰ ਨੌਕਰਸ਼ਾਹੀ ਮੁੱਖ ਮੰਤਰੀ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਲੋੜ ਨਹੀਂ ਸਮਝ ਰਹੀ।
ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਹਰ ਸਰਕਾਰੀ ਤੇ ਗੈਰ ਸਰਕਾਰੀ ਥਾਵਾਂ, ਦਫਤਰਾਂ ਤੇ ਦਿਸ਼ਾ ਸੂਚਕ ਬੋਰਡਾਂ ਦੇ ਨਾਮ ਪੰਜਾਬੀ ’ਚ ਕਰਨ ਦੇ ਆਦੇਸ਼ ਤਾਂ ਦੇ ਦਿੱਤੇ ਗਏ ਸਨ, ਪਰ ਲੰਮੇ ਸਮੇਂ ਤੋਂ ਕਈ ਜਨਤਕ ਸੰਸਥਾਵਾਂ ’ਤੇ ਪੰਜਾਬੀ ’ਚ ਲਿਖੇ ਨਾਵਾਂ ’ਚ ਗਲਤ ਸ਼ਬਦਾਂ ਨੂੰ ਠੀਕ ਕਰਨ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ ਹੈ। ਇਨ੍ਹਾਂ ਬੋਰਡਾਂ ਉੱਪਰ ਲਿਖੀ ਪੰਜਾਬੀ ਭਾਸ਼ਾ ਦੀ ਸ਼ਬਦਾਵਲੀ ’ਚ ਵੱਡੀਆਂ ਗਲਤੀਆਂ ਹਨ। ਲੋਕ ਨਿਰਮਾਣ ਵਿਭਾਗ ਵਲੋਂ ਪਿੰਡ ਸ਼ਹਿਣਾ ਵਿਖੇ ਚੂੰਘਾਂ Çਲੰਕ ਰੋਡ ’ਤੇ ਪਿੰਡ ਚੂੰਘਾਂ ਤੇ ਵਿਧਾਤਾ ਲਈ ਦੂਰੀ ਦਰਸਾਉਂਦੇ ਬੋਰਡ ’ਤੇ ਪਿੰਡ ਚੂੰਘਾਂ ਨੂੰ ਚੁੰਗਾਂ ਤੇ ਪਿੰਡ ਵਿਧਾਤਾ ਨੂੰ ਵਧਾਤਾ ਲਿਖਿਆ ਹੋਇਆ ਹੈ। ਅਜਿਹਾ ਹੀ ਬੋਰਡ ਸਰਕਾਰੀ ਹਸਪਤਾਲ ਕੋਲ ਵੀ ਲੱਗਿਆ ਹੋਇਆ ਹੈ ਜਿਸ ਨੂੰ ਅਜੇ ਤਕ ਠੀਕ ਕਰਨ ਜਾਂ ਕਰਵਾਉਣ ਦੀ ਲੋੜ ਨਹੀਂ ਸਮਝੀ।
ਸ਼ੁੱਧ ਪੰਜਾਬੀ ਨਾ ਲਿਖਣੀ ਚਿੰਤਾ ਦਾ ਵਿਸ਼ਾ : ਮੋਨੂੰ
ਸਮਾਜ ਸੇਵੀ ਪੁਨੀਤ ਕੌਸ਼ਲ ਮੋਨੂੰ ਦਾ ਕਹਿਣਾ ਹੈ ਕਿ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਕੰਮ ਕਰਨ ਵਾਲੇ ਦਰਜਨਾਂ ਸਰਕਾਰੀ ਤੇ ਗੈਰ ਸਰਕਾਰੀ ਸੰਗਠਨਾਂ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦੇ ਬਾਵਜੂਦ ਅੱਜ ਤਕ ਜਨਤਕ ਥਾਵਾਂ ’ਤੇ ਲੱਗੇ ਹੋਏ ਬੋਰਡਾਂ ’ਤੇ ਲਿਖੀ ਹੋਈ ਪੰਜਾਬੀ ਭਾਸ਼ਾ ਦੀਆਂ ਗਲਤੀਆਂ ਦੂਰ ਨਹੀਂ ਹੋਈਆਂ ਹਨ। ਕਿਸੇ ਵੀ ਸਰਕਾਰੀ ਅਦਾਰੇ ਵੱਲੋਂ ਹਾਲੇ ਤਕ ਸ਼ੁੱਧ ਪੰਜਾਬੀ ਲਿਖਣ ਦੇ ਯਤਨ ਸ਼ੁਰੂ ਨਹੀਂ ਕੀਤੇ ਗਏ ਹਨ। ਜੋ ਚਿੰਤਾ ਦਾ ਵਿਸ਼ਾ ਹੈ।
ਜਨਤਕ ਤੌਰ ’ਤੇ ਮੂੰਹ ਚਿੜ੍ਹਾਉਂਦੇ ਦਿਸ਼ਾ ਸੂਚਕ ਬੋਰਡ : ਬਾਵਾ
ਬਲਾਕ ਸੰਮਤੀ ਸ਼ਹਿਣਾ ਦੇ ਉੱਪ ਚੇਅਰਮੈਨ ਗੁਰਦੀਪ ਦਾਸ ਬਾਵਾ ਨੇ ਵੀ ਇਸ ਵਿਸ਼ੇ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਹੈ ਕਿ ਹੁਣ ਤਕ ਪੰਜਾਬੀ ਭਾਸ਼ਾ ਦੇ ਗੜ੍ਹ ਵਜੋਂ ਜਾਣੇ ਜਾਂਦੇ ਮਾਲਵਾ ਖੇਤਰ ’ਚ ਜਨਤਕ ਤੌਰ ’ਤੇ ਮੂੰਹ ਚਿੜ੍ਹਾਉਂਦੇ ਇਹ ਬੋਰਡ ਨਵੀਂ ਭਾਸ਼ਾ ‘ਪੰਜਹਿੰਦੀ’ ਦੇ ਜਨਮ ਵੱਲ ਵਧ ਰਹੀ ਹੈ ਤੇ ਸਰਕਾਰ ਲੱਖਾਂ ਰੁਪਏ ਖਰਚ ਕਰ ਕੇ ਸਿਰਫ ਬੰਦ ਕਮਰਿਆਂ ਅੰਦਰ ਰਸਮੀ ਸੈਮੀਨਾਰ ਕਰਵਾਉਣ ਤਕ ਹੀ ਸੀਮਤ ਜਾਪਦੀ ਹੈ।
ਪੰਜਾਬੀ ਭਾਸ਼ਾ ਸਹੀ ਕਰਵਾਈ ਜਾਵੇਗੀ : ਖੁੱਡੀ
ਇਸ ਸਬੰਧੀ ਜ਼ਿਲ੍ਹਾ ਭਾਸ਼ਾ ਅਫਸਰ ਬਿੰਦਰ ਸਿੰਘ ਖੁੱਡੀ ਨੇ ਕਿਹਾ ਕਿ ਇਹ ਉਨ੍ਹਾਂ ਦੇ ਧਿਆਨ ’ਚ ਅੱਜ ਤੁਸੀਂ ਹੀ ਲਿਆਂਦਾ ਹੈ। ਜਿੱਥੇ ਕਿਤੇ ਵੀ ਪੰਜਾਬੀ ਦੀ ਸ਼ਬਦਾਵਲੀ ਗਲਤ ਹੈ, ਉਹ ਸਬੰਧਤ ਵਿਭਾਗ ਨੂੰ ਪੱਤਰ ਲਿਖ ਕੇ ਪੰਜਾਬੀ ਭਾਸ਼ਾ ਸਹੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਦਾ ਸ਼ੁੱਧ ਰੂਪ ਲਿਖਣ ਲਈ ਵਿਭਾਗ ਲਗਾਤਾਰ ਯਤਨ ਕਰ ਰਿਹਾ ਹੈ।






