ਐਤਵਾਰ ਨੂੰ ਇਜ਼ਰਾਈਲ ’ਤੇ ਹਮਾਸ ਦੇ ਹਮਲੇ ਅਤੇ ਉਸ ਦੇ ਜਵਾਬ ’ਚ ਗਾਜ਼ਾ ਪੱਟੀ ’ਤੇ ਇਜ਼ਰਾਇਲੀ ਫ਼ੌਜ ਦੇ ਹਮਲੇ ਦੇ ਛੇ ਮਹੀਨੇ ਪੂਰੇ ਹੋ ਜਾਣਗੇ। ਇਸ ਦੌਰਾਨ ਇਜ਼ਰਾਈਲ ’ਚ ਮਾਰੇ ਗਏ 1200 ਇਜ਼ਰਾਇਲੀ ਤੇ ਵਿਦੇਸ਼ੀ ਨਾਗਰਿਕਾਂ ਦੇ ਜਵਾਬ ’ਚ ਇਜ਼ਰਾਇਲੀ ਫ਼ੌਜ ਨੇ ਗਾਜ਼ਾ ’ਚ 33,137 ਫ਼ਲਸਤੀਨੀਆਂ ਨੂੰ ਮਾਰਿਆ ਹੈ। ਇਨ੍ਹਾਂ ’ਚ ਦੋ-ਤਿਹਾਈ ਗਿਣਤੀ ਔਰਤਾਂ ਤੇ ਬੱਚਿਆਂ ਦੀ ਹੈ। ਸ਼ਨਿਚਰਵਾਰ ਨੂੰ ਇਜ਼ਰਾਈਲ ਤੋਂ ਅਗਵਾ ਕੀਤੇ ਗਏ ਐਲਾਡ ਕਾਜ਼ਿਰ ਦੀ ਬੁਰੀ ਤਰ੍ਹਾਂ ਨੁਕਸਾਨੀ ਗਈ ਲਾਸ਼ ਗਾਜ਼ਾ ’ਚ ਇਜ਼ਰਾਇਲੀ ਫ਼ੌਜ ਨੂੰ ਮਿਲੀ। ਐਲਾਡ 7 ਅਕਤੂਬਰ, 2023 ਤੋਂ ਗਾਜ਼ਾ ’ਚ ਇਸਲਾਮੀ ਜੇਹਾਦ ਜਥੇਬੰਦੀ ਦੇ ਕਬਜ਼ੇ ’ਚ ਸੀ। ਜਦੋਂ ਉਹ ਜਿਊਂਦਾ ਸੀ, ਉਦੋਂ ਉਸ ਦੇ ਦੋ ਵੀਡੀਓ ਵੀ ਹਥਿਆਰਬੰਦ ਜਥੇਬੰਦੀ ਨੇ ਜਾਰੀ ਕੀਤੇ ਸਨ। ਪਰਿਵਾਰ ਨੇ ਐਲਾਡ ਦੇ ਮਾਰੇ ਜਾਣ ਲਈ ਇਜ਼ਰਾਇਲੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਜਿਹੜੀ ਛੇ ਮਹੀਨੇ ’ਚ ਉਨ੍ਹਾਂ ਦੇ ਪੁੱਤਰ ਦੀ ਸੁਰੱਖਿਅਤ ਵਾਪਸੀ ਨਹੀਂ ਕਰਾ ਸਕੀ। ਹਾਲੇ ਕਰੀਬ 130 ਇਜ਼ਰਾਇਲੀ ਬੰਧਕਾਂ ਦੇ ਫ਼ਲਸਤੀਨੀ ਜਥੇਬੰਦੀਆਂ ਦੇ ਕਬਜ਼ੇ ’ਚ ਹੋਣ ਦੀ ਸੰਭਾਵਨਾ ਹੈ।
ਗਾਜ਼ਾ ’ਚ ਇਸੇ ਹਫ਼ਤੇ ਸੱਤ ਰਾਹਤ ਕਾਮਿਆਂ ਦੇ ਮਾਰੇ ਜਾਣ ਦੀ ਘਟਨਾ ਦੀ ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਖਾਣ ਦੇ ਪੈਕਟਾਂ ਨਾਲ ਭਰੇ ਬੋਰਿਆਂ ’ਚ ਹਥਿਆਰ ਰੱਖੇ ਹੋਣ ਦਾ ਸ਼ੱਕ ਪ੍ਰਗਟਾਇਆ ਗਿਆ। ਇਸ ਸ਼ੱਕ ਦੀ ਪੁਸ਼ਟੀ ਤੋਂ ਬਿਨਾਂ ਇਜ਼ਰਾਇਲੀ ਫ਼ੌਜ ਨੇ ਕਾਹਲੀ ’ਚ ਰਾਤ ਦੇ ਹਨੇਰੇ ’ਚ ਉਨ੍ਹਾਂ ਕਾਰਾਂ ’ਤੇ ਡ੍ਰੋਨ ਹਮਲੇ ਕੀਤੇ ਜਿਨ੍ਹਾਂ ’ਚ ਛੇ ਵਿਦੇਸ਼ੀ ਤੇ ਇਕ ਫ਼ਲਸਤੀਨੀ ਰਾਹਤ ਕਾਮੇ ਦੀ ਮੌਤ ਹੋ ਗਈ। ਉਂਜ ਗਾਜ਼ਾ ’ਚ ਹਾਲੇ ਤੱਕ ਇਜ਼ਰਾਇਲੀ ਹਮਲਿਆਂ ਦੌਰਾਨ ਕਰੀਬ 200 ਰਾਹਤ ਕਾਮੇ ਮਾਰੇ ਜਾ ਚੁੱਕੇ ਹਨ ਪਰ ਪਹਿਲੀ ਵਾਰ ਅਮਰੀਕਾ ਤੇ ਯੂਰਪੀ ਦੇਸ਼ਾਂ ਨੇ ਇੰਨਾ ਸਖ਼ਤ ਵਿਰੋਧ ਪ੍ਰਗਟਾਇਆ ਹੈ। ਇਸ ਵਿਰੋਧ ਤੋਂ ਬਾਅਦ ਇਜ਼ਰਾਇਲੀ ਫ਼ੌਜ ਨੇ ਫ਼ਿਲਹਾਲ ਦੋ ਅਧਿਕਾਰੀਆਂ ਨੂੰ ਜ਼ਿੰਮੇਵਾਰ ਮੰਨਦਿਆਂ ਉਨ੍ਹਾਂ ਨੂੰ ਬਰਖ਼ਾਸਤ ਕਰ ਦਿੱਤਾ ਹੈ।





