ਦੁਨੀਆ ਦੇ ਸਭ ਤੋਂ ਉਮਰਦਰਾਜ ਜੁੜਵਾਂ ਭੈਣ-ਭਰਾ ਦੀ ਮੌਤ ਹੋ ਗਈ ਹੈ। ਦੋਵੇਂ ਸਿਰੋਂ ਆਪਸ ’ਚ ਜੁੜੇ ਹੋਏ ਸਨ। ਉਨ੍ਹਾਂ ਦੀ ਉਮਰ 62 ਸਾਲ ਸੀ। ਸੱਤ ਅਪ੍ਰੈਲ ਨੂੰ ਪੈਨਸਿਲਵੇਨੀਆ ਯੂਨੀਵਰਸਿਟੀ (Pennsylvania University) ਦੇ ਹਸਪਤਾਲ ’ਚ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਉਨ੍ਹਾਂ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ’ਚ ਉਨ੍ਹਾਂ ਨੂੰ ਸਭ ਤੋਂ ਉਮਰਦਰਾਜ ਇਕ-ਦੂਜੇ ਨਾਲ ਜੁੜੇ ਜੁੜਵਾਂ ਭੈਣ-ਭਰਾ ਦੱਸਿਆ ਗਿਆ ਸੀ।
ਲਾਰੀ ਸ਼ਾਪੇਲ (Lori Schappell) ਤੇ ਉਨ੍ਹਾਂ ਦੇ ਭਰਾ ਜਾਰਜ ਸ਼ਾਪੇਲ (George Schappell) ਦਾ ਜਨਮ 18 ਸਤੰਬਰ, 1961 ਨੂੰ ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ’ਚ ਹੋਇਆ ਸੀ। ਉਨ੍ਹਾਂ ਦੀ ਸ਼ੁਰੂਆਤੀ ਪੜ੍ਹਾਈ-ਲਿਖਾਈ ਇਕ ਸਰਕਾਰੀ ਸਕੂਲ ’ਚ ਹੋਈ ਸੀ। ਬਾਅਦ ’ਚ ਉਨ੍ਹਾਂ ਨੇ ਕਾਲਜ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਲਈ। ਲਾਰੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਜਨਮ ਹੋਇਆ ਸੀ, ਉਦੋਂ ਡਾਕਟਰਾਂ ਨੇ ਉਨ੍ਹਾਂ ਦੇ ਸਿਰਫ਼ 30 ਸਾਲਾਂ ਤੱਕ ਜਿਊਂਦੇ ਰਹਿਣ ਦੀ ਉਮੀਦ ਪ੍ਰਗਟਾਈ ਸੀ। ਹਾਲਾਂਕਿ ਉਨ੍ਹਾਂ ਨੇ ਡਾਕਟਰਾਂ ਨੂੰ ਗ਼ਲਤ ਸਾਬਤ ਕਰ ਦਿਖਾਇਆ।





