ਬਿਆਸ ਥਾਣੇ ਅਧੀਨ ਪੈਂਦੇ ਪਿੰਡ ਬੁਲੇਨੰਗਲ ’ਚ ਕਬੂਤਰਬਾਜ਼ ਪਤੀ ਨੇ ਛੇ ਮਹੀਨੇ ਦੀ ਗਰਭਵਤੀ ਪਤਨੀ ਦੀ ਹੱਤਿਆ ਕਰ ਦਿੱਤੀ। ਮੁਲਜ਼ਮ ਨੇ ਲਾਸ਼ ਖ਼ੁਰਦ-ਬੁਰਦ ਕਰਨ ਦੀ ਨੀਅਤ ਨਾਲ ਉਸ ਨੂੰ ਅੱਗ ਲਗਾ ਦਿੱਤੀ। ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲਿਸ ਨੇ ਅੱਧਸੜੀ ਲਾਸ਼ ਕਬਜ਼ੇ ਲੈ ਕੇ ਪਤੀ ਨੂੰ ਗਿ੍ਫ਼ਤਾਰ ਕਰ ਲਿਆ।
ਪਿੰਡ ਕਲੇਰ ਘੁਮਾਣ ਦੀ ਰਹਿਣ ਵਾਲੀ ਜੋਤੀ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਪਿੰਕੀ ਚਾਰ ਸਾਲ ਪਹਿਲਾਂ ਪਿੰਡ ਬੁਲੇਨੰਗਲ ਦੇ ਸੁਖਦੇਵ ਸਿੰਘ ਨਾਲ ਵਿਆਹੀ ਗਈ ਸੀ। ਸੁਖਦੇਵ ਸਿੰਘ ਮਿਹਨਤ ਮਜ਼ਦੂਰੀ ਕਰਦਾ ਸੀ, ਪਰ ਆਪਣੀਆਂ ਮਾੜੀਆਂ ਆਦਤਾਂ ਕਾਰਨ ਉਹ ਅਕਸਰ ਪਿੰਕੀ ਦੀ ਕੁੱਟਮਾਰ ਕਰਦਾ ਸੀ। ਉਨ੍ਹਾਂ ਕਈ ਵਾਰ ਰਿਸ਼ਤੇਦਾਰਾਂ ਨਾਲ ਮਿਲ ਕੇ ਸੁਖਦੇਵ ਨੂੰ ਸਮਝਾਇਆ ਪਰ ਉਸ ’ਤੇ ਕੋਈ ਅਸਰ ਨਹੀਂ ਹੋਇਆ। ਹੁਣ ਉਹ ਕੋਈ ਕੰਮ ਨਹੀਂ ਸੀ ਕਰਦਾ। ਉਸ ਨੇ ਘਰ ਦੀ ਛੱਤ ’ਤੇ ਕਬੂਤਰ ਰੱਖੇ ਹੋਏ ਹਨ। ਉਹ ਸਾਰਾ ਦਿਨ ਕਬੂਤਰ ਉਡਾਉਣ ’ਚ ਰੁੱਝਿਆ ਰਹਿੰਦਾ ਸੀ ਜਦਕਿ ਪਿੰਕੀ ਛੇ ਮਹੀਨਿਆਂ ਦੀ ਗਰਭਵਤੀ ਸੀ। ਉਹ ਉਸ ਨੂੰ ਡਾਕਟਰ ਕੋਲ ਵੀ ਨਹੀਂ ਸੀ ਲੈ ਕੇ ਜਾਂਦਾ। ਸ਼ੁੱਕਰਵਾਰ ਸਵੇਰੇ ਕਬੂਤਰ ਉਡਾਉਣ ਤੋਂ ਹੀ ਦੋਵਾਂ ਵਿਚਾਲੇ ਝਗੜਾ ਹੋਇਆ।
ਜੋਤੀ ਨੇ ਦੋਸ਼ ਲਗਾਇਆ ਕਿ ਸੁਖਦੇਵ ਨੇ ਪਹਿਲਾਂ ਪਿੰਕੀ ਦੀ ਹੱਤਿਆ ਕੀਤੀ ਤੇ ਫਿਰ ਲਾਸ਼ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਉਸ ਨੂੰ ਘਰ ’ਚ ਹੀ ਅੱਗ ਲਗਾ ਦਿੱਤੀ। ਅੱਗ ਲੱਗੀ ਦੇਖ ਆਲੇ ਦੁਆਲੇ ਦੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ।
ਥਾਣਾ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।






