ਯੂਕਰੇਨ ਨੇ ਸ਼ੁੱਕਰਵਾਰ-ਸ਼ਨਿਚਰਵਾਰ ਰਾਤ ਨੂੰ ਰੂਸ ’ਤੇ ਵੱਡਾ ਹਵਾਈ ਹਮਲਾ ਕੀਤਾ ਪਰ ਰੂਸੀ ਫ਼ੌਜ ਨੇ ਯੂਕਰੇਨ ਦੇ 50 ਡ੍ਰੋਨ ਅਸਮਾਨ ’ਚ ਹੀ ਤਬਾਹ ਕਰ ਕੇ ਇਹ ਹਮਲਾ ਨਾਕਾਮ ਕਰ ਦਿੱਤਾ। ਇਸ ਦੇ ਬਾਵਜੂਦ ਹਮਲੇ ’ਚ ਦੋ ਰੂਸੀ ਨਾਗਰਿਕ ਮਾਰੇ ਗਏ ਹਨ ਤੇ ਇਕ ਤੇਲ ਭੰਡਾਰ ’ਚ ਅੱਗ ਲੱਗ ਗਈ ਹੈ। ਇਹ ਜਾਣਕਾਰੀ ਰੂਸ ਦੇ ਰੱਖਿਆ ਮੰਤਰਾਲੇ ਨੇ ਦਿੱਤੀ ਹੈ। ਕਰੀਬ 26 ਮਹੀਨਿਆਂ ਤੋਂ ਜਾਰੀ ਜੰਗ ’ਚ ਇਹ ਯੂਕਰੇਨੀ ਫ਼ੌਜ ਦੇ ਰੂਸ ’ਤੇ ਕੀਤੇ ਸਭ ਤੋਂ ਵੱਡੇ ਹਮਲਿਆਂ ’ਚੋਂ ਇਕ ਸੀ।
ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਯੂਕਰੇਨ ਦੇ 26 ਡ੍ਰੋਨ ਸਰਹੱਦੀ ਬੇਲਗੋਰੋਦ ਇਲਾਕੇ ’ਚ ਸੁੱਟੇ ਗਏ, 10 ਡ੍ਰੋਨ ਬਿ੍ਰਆਂਸਕ ’ਚ ਸੁੱਟੇ ਗਏ, ਅੱਠ ਕਰਸਕ ਤੇ ਦੋ ਤੁਲਾ ਦੇ ਆਕਾਸ਼ ’ਚ ਤਬਾਹ ਕੀਤੇ ਗਏ। ਇਸ ਤੋਂ ਇਲਾਵਾ ਮਾਸਕੋ, ਕਾਲੂਗਾ, ਰਿਆਜਨ ਤੇ ਮੋਲੈਂਸਕ ’ਚ ਇਕ-ਇਕ ਡ੍ਰੋਨ ਤਬਾਹ ਕੀਤਾ ਗਿਆ। ਰੂਸ ਦੇ ਬੇਲਗੋਰੋਦ ਇਲਾਕੇ ਦੇ ਗਵਰਨਰ ਵਿਆਚੇਸਲਾਵ ਗਲਾਦਕੋਵ ਨੇ ਕਿਹਾ ਕਿ ਯੂਕਰੇਨ ਦੇ ਡ੍ਰੋਨ ਹਮਲੇ ’ਚ ਉਨ੍ਹਾਂ ਦੇ ਇਲਾਕੇ ’ਚ ਦੋ ਨਾਗਰਿਕ ਮਾਰੇ ਗਏ ਹਨ। ਮਾਰੇ ਗਏ ਲੋਕਾਂ ’ਚ ਇਕ ਗਰਭਵਤੀ ਔਰਤ ਸ਼ਾਮਲ ਹੈ। ਯੂਕਰੇਨੀ ਹਮਲੇ ਦੇ ਰੂਸ ਦੇ ਮੋਲੈਂਸਕ ਇਲਾਕੇ ’ਚ ਸਥਿਤ ਤੇਲ ਡਿਪੂ ’ਚ ਅੱਗ ਲੱਗ ਗਈ। ਇਸ ਅੱਗ ’ਤੇ ਕਈ ਘੰਟਿਆਂ ’ਚ ਕਾਬੂ ਪਾਇਆ ਜਾ ਸਕਿਆ। ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਯੂਕਰੇਨ ਦੇ ਇਕ ਸੁਖੋਈ-25 ਲੜਾਕੂ ਜਹਾਜ਼ ਨੂੰ ਵੀ ਤਬਾਹ ਕੀਤਾ ਹੈ।





