ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦੇ ਚਰਚਿਤ ਗੀਤ ‘ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ’ ਵਿਚਲੇ ਬੋਲਾਂ ਨਾਲ ਮਿਲਦੀ-ਜੁਲਦੀ ਦਿਲਚਸਪ ਘਟਨਾ ਕੈਨੇਡਾ ਦੇ ਸਰੀ ਸ਼ਹਿਰ ‘ਚ ਅੱਜ-ਕੱਲ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਅਸਲ ਕਹਾਣੀ ਇਉਂ ਵਾਪਰੀ ਦੱਸੀ ਜਾਂਦੀ ਹੈ ਕਿ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਸਰੀ ਸ਼ਹਿਰ ਦੀ 78 ਐਵਿਨਿਊ ਨੇੜੇ ਸਥਿਤ ਇਕ ਕਿਰਾਏ ਦੇ ਘਰ ‘ਚ ਰਹਿ ਰਹੇ ਕੁਝ ਪੰਜਾਬੀ ਵਿਦਿਆਰਥੀਆਂ ‘ਚੋਂ ਇਕ ਨੂੰ ਬੰਦੂਕ ਖਰੀਦਣ ਦਾ ਸ਼ੌਂਕ ਪੈਦਾ ਹੋ ਗਿਆ। ਪਰੰਤੂ ਉਸ ਕੋਲ ਕਾਨੂੰਨੀ ਤੌਰ ‘ਤੇ ਸਰਕਾਰੀ ਅਸਲਾ ਲਾਈਸੈਂਸ ਨਾ ਹੋਣ ਕਾਰਨ ਉਹ ਬੰਦੂਕ ਨਹੀਂ ਸੀ ਖਰੀਦ ਸਕਦਾ। ਲਿਹਾਜ਼ਾ ਉਸ ਵੱਲੋਂ ਆਪਣੀ ‘ਫੌਕੀ ਟੌਹਰ’ ਬਣਾਉਣ ਲਈ ਨਕਲੀ ਬੰਦੂਕ ਖਰੀਦਣ ਦਾ ਫੁਰਨਾ ਅਮਲ ‘ਚ ਲਿਆਂਦਾ ਗਿਆ।
ਇਸ ਤੋਂ ਬਾਅਦ ਉਹ ਮਾਰਕੀਟ ‘ਚੋਂ ਖਰੀਦੀ ਆਪਣੀ ਨਕਲੀ ਬੰਦੂਕ ਨਾਲ ਘਰ ਦੇ ਬਾਹਰਵਾਰ ਬੈਠ ਕੇ ਦਿਖਾਵੇ ਵਜੋਂ ਉਸ ਦੀ ‘ਸਾਫ-ਸਫਾਈ’ ਕਰਨ ਲੱਗਾ ਤਾਂ ਗੁਆਂਢੀਆਂ ਦੀ ਨਜ਼ਰ ਉਸ ਦੀ ਇਸ ਹਰਕਤ ‘ਤੇ ਪੈ ਗਈ। ਉਨ੍ਹਾਂ ਨੇ ਤੁਰੰਤ ਪੁਲਸ ਨੂੰ ਉਕਤ ਦ੍ਰਿਸ਼ ਤੋਂ ਜਾਣੂ ਕਰਵਾਇਆ। ਬਸ ਫਿਰ ਕੀ ਸੀ, ਕੁਝ ਮਿੰਟਾਂ ‘ਚ ਮੌਕੇ ‘ਤੇ ਪੁੱਜੀਆਂ ਪੁਲਸ ਦੀਆਂ ਟੀਮਾਂ ਵੱਲੋਂ ਸਬੰਧਿਤ ਘਰ ਨੂੰ ਘੇਰਾ ਪਾ ਕੇ ਸਪੀਕਰ ਰਾਹੀਂ ਉਕਤ ਨੌਜਵਾਨਾਂ ਸਮੇਤ ਬਾਕੀ ‘ਮਿੱਤਰਾਂ’ ਨੂੰ ਹੱਥ ਖੜ੍ਹੇ ਕਰ ਕੇ ਆਤਮ ਸਮਰਪਣ ਕਰਨ ਦੀ ਚਿਤਾਵਨੀ ਦਿੱਤੀ ਗਈ।
ਇਸ ਮਗਰੋਂ ਘਬਰਾਹਟ ‘ਚ ਹੱਕੇ ਬੱਕੇ ਰਹਿ ਗਏ ਸਾਰੇ ਨੌਜਵਾਨਾਂ ਨੂੰ ਹੱਥ ਖੜ੍ਹੇ ਕਰ ਕੇ ਬਾਹਰ ਆਉਣਾ ਪਿਆ। ਪੁਲਸ ਵੱਲੋਂ ਪਹਿਲਾਂ ਤਾਂ ਇਨ੍ਹਾਂ ਨੂੰ ਹੱਥਕੜੀਆਂ ਲਗਾ ਕੇ ਇੱਕ ਪਾਸੇ ਬਿਠਾ ਦਿੱਤਾ ਗਿਆ। ਉਪਰੰਤ ਘਰ ‘ਚੋਂ ਨਕਲੀ ਬੰਦੂਕਾਂ ਬਰਾਮਦ ਕੀਤੀਆਂ ਗਈਆਂ। ਹੁਣ ਪੁਲਸ ਵੱਲੋਂ ਉਨ੍ਹਾਂ ‘ਚੋਂ ਇਕ ਨੂੰ ਹਿਰਾਸਤ ‘ਚ ਲੈ ਕੇ ਲੋੜੀਂਦੀ ਪੜਤਾਲ ਕੀਤੀ ਜਾ ਰਹੀ ਹੈ।






